ਲੁਧਿਆਣਾ: ਪੁੱਤਾਂ ਦੀ ਲੋਹੜੀ ਤਾਂ ਹਰ ਕੋਈ ਮਨਾਉਂਦਾ ਹੈ, ਕੋਈ ਵਿਰਲਾ ਹੀ ਹੈ ਜੋ ਧੀਆਂ ਦੀ ਲੋਹੜੀ ਮਨਾਉਂਦਾ ਹੈ। ਇਸੇ ਲਈ ਮਾਲਵਾ ਸੱਭਿਆਚਾਰਕ ਮੰਚ ਮਾਂ ਵੱਲੋਂ ਇਸ ਸਾਲ ਕੁੜੀਆਂ ਦਾ ਲੋਹੜੀ ਮੇਲਾ ਵੱਡੇ ਪੱਧਰ ਉੱਤੇ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਮਾਲਵਾ ਸੱਭਿਆਚਾਰਕ ਮੰਚ ਮਨਾਏਗਾ ਧੀਆਂ ਦੀ ਲੋਹੜੀ ਇਸ ਮੌਕੇ 31 ਆਰਥਿਕ ਤੌਰ 'ਤੇ ਗ਼ਰੀਬ ਪਰਿਵਾਰ ਦੀਆਂ ਕੁੜੀਆਂ ਨੂੰ ਸ਼ਗਨ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਇਸ ਨੂੰ ਇੱਕ ਚੰਗਾ ਉਪਰਾਲਾ ਦੱਸਿਆ ਅਤੇ ਕਿਹਾ ਕਿ ਧੀਆਂ ਨੂੰ ਸਨਮਾਨ ਦੇਣ ਲਈ ਅਜਿਹੇ ਉਪਰਾਲੇ ਜ਼ਰੂਰੀ ਹਨ।
ਲੇਖਕ ਗੁਰਭਜਨ ਸਿੰਘ ਗਿੱਲ ਨੇ ਕਿਹਾ, "ਸਾਡੇ ਸਮਾਜ ਦੇ ਵਿੱਚ ਸ਼ੁਰੂ ਤੋਂ ਹੀ ਧੀਆਂ ਨੂੰ ਉਹ ਦਰਜਾ ਨਹੀਂ ਦਿੱਤਾ ਗਿਆ ਜੋ ਦੇਣਾ ਚਾਹੀਦਾ ਸੀ। ਇਸ ਕਰਕੇ ਕੁੜੀਆਂ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ।"
ਉੱਧਰ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਸਮਾਜ ਵਿੱਚ ਜੋ ਵੀ ਨਵਾਂ ਬੱਚਾ ਜਨਮ ਲੈਂਦਾ ਹੈ ਉਸ ਦਾ ਸਨਮਾਨ ਕਰਨਾ ਜ਼ਰੂਰੀ ਹੈ ਅਤੇ ਹਰ ਨਵ ਜੰਮੇ ਬੱਚੇ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ।