ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਮਾਲ ਹਲਕਾ ਹਠੂਰ, ਤਹਿਸੀਲ ਜਗਰਾਉਂ, ਜ਼ਿਲਾ ਲੁਧਿਆਣਾ ਵਿਖੇ ਤਾਇਨਾਤ ਇੱਕ ਪਟਵਾਰੀ ਜਸਪ੍ਰੀਤ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਜਸਪ੍ਰੀਤ ਸਿੰਘ ਨੂੰ ਰੇਸ਼ਮ ਸਿੰਘ ਵਾਸੀ ਪਿੰਡ ਹਠੂਰ, ਤਹਿਸੀਲ ਜਗਰਾਉਂ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਇਤਲਾਹ ਦਿੱਤੀ ਸੀ ਕਿ ਉਕਤ ਪਟਵਾਰੀ ਉਨਾਂ ਦੀ ਜੱਦੀ ਜ਼ਮੀਨ ਦੀ ਤਕਸੀਮ (ਬਟਵਾਰਾ) ਕਰਨ ਲਈ 3,000 ਰੁਪਏ ਪ੍ਰਤੀ ਏਕੜ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਤਰਾਂ ਕੁੱਲ 25 ਏਕੜ ਪੁਸ਼ਤੈਨੀ ਜਮੀਨ ਦੀ ਤਕਸੀਮ ਬਦਲੇ ਉਸ ਵੱਲੋਂ ਰਿਸ਼ਵਤ ਦੀ ਕੁੱਲ ਰਕਮ 75,000 ਰੁਪਏ ਮੰਗ ਕੀਤੀ ਗਈ ਹੈ।