ਮਾਛੀਵਾੜਾ ਸਾਹਿਬ: ਪੁਲਿਸ ਨੂੰ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਵਿੱਢੀ ਮੁਹਿੰਮ ਦੇ ਅਧੀਨ ਵੱਡੀ ਸਫ਼ਲਤਾ ਮਿਲੀ ਹੈ। ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਚਕਲੀ ਮੰਗਾ ਵਿਖੇ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਫੜ੍ਹੀ ਅਤੇ ਇਸ ਕਥਿਤ ਦੋਸ਼ ਹੇਠ ਮਲਕੀਤ ਸਿੰਘ ਤੇ ਮਨਦੀਪ ਸਿੰਘ ਨਾਂਅ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਹੋਈ ਹੈ।
ਮਾਛੀਵਾੜਾ ਪੁਲਿਸ ਨੇ ਸ਼ਰਾਬ ਦੀ ਚੱਲਦੀ ਭੱਠੀ ਫੜ੍ਹੀ, 70 ਲੀਟਰ ਲਾਹਣ ਸਮੇਤ 2 ਕਾਬੂ - 70 lt. ilegal liquor
ਲੁਧਿਆਣਾ ਦੇ ਅਧੀਨ ਪੈਂਦੇ ਮਾਛੀਵਾੜਾ ਸਾਹਿਬ ਦੇ ਪਿੰਡ ਚਕਲੀ ਮੰਗਾ ਵਿਖੇ ਪੁਲਿਸ ਨੇ ਨਾਜਾਇਜ਼ ਸ਼ਰਾਬ ਕੱਢਦੇ 2 ਵਿਅਕਤੀਆਂ ਨੂੰ ਚੱਲਦੀ ਭੱਠੀ ਸਮੇਤ ਕਾਬੂ ਕੀਤਾ ਗਿਆ ਹੈ।
ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਉਸ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਚਕਲੀ ਮੰਗਾ ਵਿਖੇ ਮਲਕੀਤ ਸਿੰਘ ਆਪਣੇ ਘਰ ’ਚ ਭੱਠੀ ਲਗਾ ਕੇ ਨਾਜਾਇਜ਼ ਸ਼ਰਾਬ ਕੱਢ ਰਿਹਾ ਹੈ। ਪੁਲਿਸ ਪਾਰਟੀ ਨੇ ਮੌਕੇ ’ਤੇ ਤੁਰੰਤ ਕਾਰਵਾਈ ਕਰਦਿਆਂ ਮਲਕੀਤ ਸਿੰਘ ਦੇ ਘਰ ਛਾਪੇਮਾਰੀ ਕੀਤੀ ਜਿੱਥੇ ਕਿ ਉਹ ਭੱਠੀ ਲਗਾ ਕੇ ਨਾਜਾਇਜ਼ ਸ਼ਰਾਬ ਕੱਢ ਰਿਹਾ ਸੀ ਜਦਕਿ ਨਾਲ ਬੈਠਾ ਮਨਦੀਪ ਸਿੰਘ ਇਹ ਸ਼ਰਾਬ ਕੱਢਣ ਵਿੱਚ ਉਸ ਦਾ ਸਾਥ ਦੇ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਪੁਲਿਸਿ ਵਲੋਂ ਮੌਕੇ ’ਤੇ 2 ਡਰੱਮਾਂ ’ਚੋਂ 70 ਲੀਟਰ ਲਾਹਣ ਬਰਾਮਦ ਕੀਤੀ ਜਦਕਿ ਨਾਜਾਇਜ਼ ਸ਼ਰਾਬ ਕੱਢਣ ਵਾਲਾ ਸਮਾਨ ਕੁੰਡਾ, ਪਾਈਪ, ਤਸਲਾ, ਨਾਲੀ, ਬਾਲਣ ਅਤੇ ਇੱਕ ਚੱਪਣ ਵੀ ਮੌਕੇ ਤੋਂ ਕਬਜ਼ੇ ’ਚ ਲਏ ਗਏ। ਥਾਣਾ ਮੁਖੀ ਅਨੁਸਾਰ ਮੌਕੇ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਮਲਕੀਤ ਸਿੰਘ ਤੇ ਮਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਵੇਂ ਵਿਅਕਤੀ ਕੁਹਾੜਾ ਰੋਡ ’ਤੇ ਸਥਿਤ ਧਾਗਾ ਫੈਕਟਰੀ ਦੇ ਕਰਮਚਾਰੀ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਨਾਜਾਇਜ਼ ਸ਼ਰਾਬ ਕੱਢ ਕੇ ਇਲਾਕੇ ਵਿਚ ਕਿਨ੍ਹਾਂ ਵਿਅਕਤੀਆਂ ਨੂੰ ਵੇਚਦੇ ਸਨ।