ਲੁਧਿਆਣਾ: ਵੈਸੇ ਤਾਂ ਭਾਰਤ ਦੀਆਂ ਔਰਤਾਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਭਾਰਤੀ ਔਰਤਾਂ ਮਿਹਨਤ ਮਜ਼ਦੂਰੀ ਕਰ ਕੇ ਨਾ ਸਿਰਫ਼ ਆਪਣਾ ਢਿੱਡ ਪਾਲਦੀਆਂ ਹਨ, ਬਲਕਿ ਪਰਿਵਾਰ ਦਾ ਵੀ ਖ਼ਰਚ ਚਲਾਉਂਦੀਆਂ ਹਨ।
ਅਜਿਹੀ ਹੀ ਕਹਾਣੀ ਹੈ ਲੁਧਿਆਣਾ ਦੀ ਰਹਿਣ ਵਾਲੀ ਮਾਇਆ ਦੀ। ਮਾਇਆ ਈ-ਰਿਕਸ਼ਾ ਚਲਾ ਕੇ ਆਪਣੇ ਘਰ ਦਾ ਖਰਚਾ ਚਲਾ ਰਹੀ ਹੈ। ਮਾਇਆ ਨਾ ਸਿਰਫ਼ ਮਹਿਲਾਵਾਂ ਲਈ ਵੱਡੀ ਮਿਸਾਲ ਬਣੀ ਹੈ, ਸਗੋਂ ਆਤਮ-ਨਿਰਭਰਤਾ ਦੀ ਵੀ ਉਦਾਹਰਣ ਪੇਸ਼ ਕਰ ਰਹੀ ਹੈ।
ਈ-ਰਿਕਸ਼ਾ ਚਲਾ ਗੁਜ਼ਾਰਾ ਕਰ ਰਹੀ ਹੈ ਮਾਇਆ, ਪਰਿਵਾਰ ਨੇ ਵੀ ਛੱਡਿਆ ਸਾਥ ਲੁਧਿਆਣਾ ਦੀ ਇਕਲੌਤੀ ਈ-ਰਿਕਸ਼ਾ ਚਾਲਕ
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਮਾਇਆ ਨੇ ਦੱਸਿਆ ਕਿ ਉਹ ਪਿਛਲੇ 6 ਸਾਲ ਤੋਂ ਇਹ ਈ-ਰਿਕਸ਼ਾ ਚਲਾ ਹੈ, ਜੋ ਕਿ ਉਸ ਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ, ਲੋਕਾਂ ਨੂੰ ਈ-ਰਿਕਸ਼ਾ ਦਾ ਵੰਡੇ ਸਨ। ਜਿਨ੍ਹਾਂ ਵਿੱਚੋਂ ਲੁਧਿਆਣਾ ਦੀ ਇਕਲੌਤੀ ਮਾਇਆ ਹੈ, ਜੋ ਲੁਧਿਆਣਾ ਦੀਆਂ ਸੜਕਾਂ ਉੱਤੇ ਰਿਕਸ਼ਾ ਚਲਾ ਰਹੀ ਹੈ।
ਉਸ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਉਸ ਦੇ ਇਸ ਕੰਮ ਨੂੰ ਚੰਗਾ ਨਹੀਂ ਸਮਝਦਾ, ਜਿਸ ਕਰ ਕੇ ਉਹ ਆਪ ਅੱਡ ਰਹਿੰਦੀ ਹੈ ਅਤੇ ਆਪਣਾ ਖ਼ਰਚ ਖ਼ੁਦ ਚਲਾਉਂਦੀ ਹੈ।
ਕੋਲਕਾਤਾ ਦੀ ਹੈ ਵਸਨੀਕ ਮਾਇਆ
ਉਸ ਨੇ ਦੱਸਿਆ ਕਿ ਉਹ ਕਈ ਸਾਲ ਪਹਿਲਾਂ ਕੋਲਕਾਤਾ ਤੋਂ ਪੰਜਾਬ ਘੁੰਮਣ ਆਈ ਸੀ ਅਤੇ ਬਾਅਦ ਵਿੱਚ ਲੁਧਿਆਣਾ ਵਿਖੇ ਹੀ ਵੱਸ ਗਈ। ਉਸ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਉਹ ਇਨ੍ਹਾਂ ਸੜਕਾਂ ਉੱਤੇ ਹੀ ਰਿਕਸ਼ਾ ਚਲਾ ਕੇ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰੇਗੀ।
ਕੋਰੋਨਾ ਕਰ ਕੇ ਆਈਆਂ ਕਾਫ਼ੀ ਮੁਸ਼ਕਿਲਾਂ
ਮਾਇਆ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਤਿੰਨ ਮਹੀਨੇ ਉਸ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਸੀ ਪਰ ਹੁਣ ਕੰਮ ਚੱਲਣ ਲੱਗਾ ਹੈ ਆਪਣੇ ਗੁਜ਼ਾਰੇ ਜੋਗੇ ਪੈਸੇ ਕਮਾ ਲੈਂਦੀ ਹੈ। ਕੋਰੋਨਾ ਦਰਮਿਆਨ ਉਸ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਦੱਸਿਆ ਕਿ ਕੋਰੋਨਾ ਤੋਂ ਪਹਿਲਾਂ 500-600 ਰੁਪਏ ਕਮਾਉਂਦੀ ਸੀ ਪਰ ਹੁਣ 200-300 ਰੁਪਏ ਤੱਕ ਹੀ ਬਣਦੇ ਹਨ।
ਹਰ ਰੋਜ਼ ਆਉਂਦੀਆਂ ਨੇ ਸਮੱਸਿਆਵਾਂ
ਮਾਇਆ ਨੇ ਦੱਸਿਆ ਕਿ ਇੱਕ ਔਰਤ ਰਿਕਸ਼ਾ ਚਾਲਕ ਹੋਣ ਕਰ ਕੇ ਉਸ ਨੂੰ ਕਾਫ਼ੀ ਦਿੱਕਤਾਂ ਪੇਸ਼ ਆਉਂਦੀਆਂ ਹਨ ਅਤੇ ਕਈ ਵਾਰ ਤਾਂ ਲੋਕ ਉਸ ਦੇ ਰਿਕਸ਼ਾ ਵਿੱਚ ਬੈਠਣ ਤੋਂ ਵੀ ਡਰਦੇ ਹਨ। ਪਰ ਹੁਣ ਲੋਕ ਉਸ ਨੂੰ ਜਾਨਣ ਲੱਗ ਪਏ ਹਨ ਅਤੇ ਉਸ ਉੱਤੇ ਭਰੋਸਾ ਕਰਦੇ ਹਨ।
ਹਾਲਾਤਾਂ ਨੇ ਜਗਾਇਆ ਜਜ਼ਬਾ
ਮਾਇਆ ਹੋਰਨਾਂ ਈ-ਰਿਕਸ਼ਾ ਡਰਾਈਵਰਾਂ ਵਾਂਗ ਹੋਕੇ ਲਾ ਕੇ ਸਵਾਰੀਆਂ ਵੀ ਚੜ੍ਹਾਉਂਦੀ ਹੈ ਅਤੇ ਰਿਕਸ਼ੇ ਦੀ ਥੋੜ੍ਹੀ ਬਹੁਤ ਰਿਪੇਅਰ ਵੀ ਖ਼ੁਦ ਕਰ ਲੈਂਦੀ ਹੈ। ਹਾਲਾਤਾਂ ਨੇ ਉਸ ਵਿੱਚ ਇਹ ਜਜ਼ਬਾ ਜਗਾਇਆ ਹੈ, ਜਿਸ ਨਾਲ ਉਹ ਬਿਨਾਂ ਡਰ ਤੋਂ ਲੁਧਿਆਣਾ ਦੀਆਂ ਸੜਕਾਂ ਉੱਤੇ ਰਿਕਸ਼ਾ ਚਲਾਉਂਦੀ ਹੈ।