ਲੁਧਿਆਣਾ: ਇਸ ਵਾਰ ਮੌਸਮ ਦੇ ਮਿਜਾਜ਼ ਨੇ ਪੰਜਾਬ ਦੀ ਹੌਜ਼ਰੀ ਇੰਡਸਟਰੀ ਨੂੰ ਵੱਡੀ ਸਨ ਲਗਾਈ ਹੈ, ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਫਰਵਰੀ ਮਹੀਨੇ ਵਿੱਚ ਹੀ ਗਰਮੀ ਸ਼ੁਰੂ ਹੋਣ ਕਰਕੇ ਸਰਦੀਆਂ ਦਾ ਸਟਾਕ ਨਹੀਂ ਵਿਕ ਸਕਿਆ ਹੈ। ਜਿਸ ਕਰਕੇ 200 ਕਰੋੜ ਰੁਪਏ ਦੇ ਨੁਕਸਾਨ ਦਾ ਕਾਰੋਬਾਰੀਆਂ ਨੇ ਖ਼ਦਸ਼ਾ ਜਤਾਇਆ ਹੈ। ਉਹਨਾਂ ਕਿਹਾ ਕਿ ਹੁਣ ਵੀ ਸਾਡੇ ਕੰਮ ਕਾਰ ਉੱਤੇ 40 ਫੀਸਦੀ ਤੱਕ ਦਾ ਘਾਟਾ ਪੈ ਰਿਹਾ ਹੈ, ਜੋ ਕਿ ਨਾ ਪੂਰਾ ਹੋਣ ਵਾਲਾ ਹੈ। ਇਸ ਵਾਰ ਗਰਮੀਆਂ ਜਲਦੀ ਸ਼ੁਰੂ ਹੋ ਗਈਆਂ ਨੇ ਅਤੇ ਸਰਦੀਆਂ ਦਾ ਸੀਜ਼ਨ ਘੱਟ ਰਿਹਾ ਹੈ। ਜਿਸ ਕਰਕੇ ਨਵਾਂ ਗਰਮੀਆਂ ਦਾ ਸਮਾਨ ਫੈਕਟਰੀਆਂ ਵਿਚ ਨਹੀਂ ਬਣ ਸਕਿਆ ਅਤੇ ਗਾਹਕਾਂ ਦੀ ਡਿਮਾਂਡ ਗਰਮੀਆਂ ਦੇ ਕੱਪੜੇ ਦੀ ਸ਼ੁਰੂ ਹੋ ਚੁੱਕੀ ਹੈ।
ਮੌਸਮ ਦੀ ਹੋਜ਼ਰੀ 'ਤੇ ਮਾਰ:- ਫਰਵਰੀ ਮਹੀਨੇ ਦੇ ਮੱਧ ਵਿਚ ਹੀ ਸਰਦੀ ਪੂਰੀ ਤਰ੍ਹਾਂ ਖਤਮ ਹੋ ਗਈ ਸੀ ਅਤੇ ਗਰਮੀ ਸ਼ੁਰੂ ਹੋ ਚੁੱਕੀ ਸੀ। ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਾਤਾਵਰਨ ਦੇ ਵਿੱਚ ਤਬਦੀਲੀਆਂ ਹਨ। ਇਹੀ ਕਾਰਨ ਹੈ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਗਿਆ। ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਪੱਛਮੀ ਚੱਕਰਵਾਤ ਨਾ ਹੋਣ ਕਰਕੇ ਬਾਰਿਸ਼ਾਂ ਨਹੀਂ ਹੋ ਸਕਿਆ, ਜਿਸ ਦਾ ਅਸਰ ਕੱਪੜੇ ਦੇ ਕੰਮ-ਕਾਰ ਉੱਤੇ ਪਿਆ ਹੈ। ਗਰਮੀ ਪੈਣ ਕਰਕੇ ਸਰਦੀਆਂ ਦਾ ਕੱਪੜਾ ਨਹੀਂ ਵਿੱਕ ਸਕਿਆ ਅਤੇ ਸਰਦੀਆਂ ਜਲਦੀ ਖਤਮ ਹੋਣ ਕਰਕੇ ਗਰਮੀ ਦਾ ਸਟਾਕ ਹਾਲੇ ਬਾਜ਼ਾਰ ਦੇ ਵਿੱਚ ਨਹੀਂ ਆਇਆ।
ਕਾਰੋਬਾਰੀ ਦੇ ਮੁਰਝਾਏ ਚਿਹਰੇ:-ਗਰਮੀ ਜ਼ਿਆਦਾ ਪੈਣ ਕਰਕੇ ਕਾਰੋਬਾਰੀਆਂ ਦੇ ਚਿਹਰੇ ਹੁਣ ਤੋਂ ਹੀ ਮੁਰਝਾ ਚੁੱਕੇ ਹਨ। ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਅਤੇ ਹੌਜ਼ਰੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਜ਼ਾਰ ਦੇ ਵਿਚ ਇੰਨੀ ਜ਼ਿਆਦਾ ਮੰਦੀ ਉਨ੍ਹਾਂ ਨੇ ਕਦੇ ਵੀ ਨਹੀਂ ਦੇਖੀ। ਕਾਰੋਬਾਰੀਆਂ ਨੇ ਕਿਹਾ ਕਿ ਵਿਆਹਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਹੋਲ-ਸੇਲ ਤਾਂ ਇਕ ਪਾਸੇ ਰਿਟੇਲਰ ਦਾ ਕੰਮ ਵੀ ਪੂਰੀ ਤਰ੍ਹਾਂ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਕਾਰੋਬਾਰੀਆਂ ਨੇ ਕਿਹਾ ਕਿ ਸਵੇਰੇ ਹੁੰਦੀ ਹੈ ਅਤੇ ਵਿਹਲੇ ਬਹਿ ਕੇ ਵਾਪਸ ਪਰਤ ਜਾਂਦੇ ਹਨ। ਫੈਕਟਰੀਆਂ ਦੇ ਵਿਚ ਪਿਆ ਮਾਲ ਬਰਬਾਦ ਹੋ ਗਿਆ ਹੈ, ਕਿਉਂਕਿ ਪਹਿਲਾਂ ਹੀ ਹੋਲ ਸੇਲ ਦੇ ਵਿੱਚ ਨਹੀਂ ਵਿੱਕਿਆ, ਜਿਸ ਕਰਕੇ ਫੈਕਟਰੀਆਂ ਦੇ ਵਿੱਚ ਵੱਡੀ ਤਦਾਦ ਅੰਦਰ ਤਿਆਰ ਹੋਇਆ ਸਮਾਨ ਡੰਪ ਬਣ ਗਿਆ ਹੈ।