ਲੁਧਿਆਣਾ:ਸਮਰਾਲਾ ਇਲਾਕੇ ਚੋਂ ਨੀਲੋਂ ਵਿਖੇ ਨਿਕਲਦੀ ਸਰਹਿੰਦ ਨਹਿਰ 'ਚ ਇੱਕ ਔਰਤ ਨੇ ਆਪਣੀ ਦੋ ਮਾਸੂਮ ਧੀਆਂ ਸਮੇਤ ਛਾਲ ਮਾਰ ਦਿੱਤੀ। ਨਹਿਰ ਦੇ ਕੋਲ ਹੀ ਘੁੰਮ ਰਹੇ ਗੋਤਾਖੋਰਾਂ ਨੇ ਇਸ ਔਰਤ ਅਤੇ 2 ਸਾਲਾਂ ਦੀ ਛੋਟੀ ਬੱਚੀ ਨੂੰ ਬਚਾਅ ਲਿਆ। ਜਦਕਿ 4 ਸਾਲਾਂ ਦੀ ਵੱਡੀ ਬੱਚੀ ਨਹਿਰ 'ਚ ਰੁੜ ਗਈ। ਉਸਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਔਰਤ ਅਤੇ ਬੱਚੀ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਕੇ ਰਿਸ਼ਤੇਦਾਰਾਂ ਨੂੰ ਇਸਦੀ ਸੂਚਨਾ ਦਿੱਤੀ।
ਦੋ ਮਾਸੂਮ ਧੀਆਂ ਸਮੇਤ ਔਰਤ ਨੇ ਸਰਹਿੰਦ ਨਹਿਰ ਚ ਮਾਰੀ ਛਾਲ, ਮਾਂ ਅਤੇ ਛੋਟੀ ਧੀ ਨੂੰ ਕੱਢਿਆ ਬਾਹਰ - ਗੋਤਾਖੋਰਾਂ ਵੱਲੋਂ ਮਾਂ ਅਤੇ 2 ਸਾਲਾਂ ਬੱਚੀ ਨੂੰ ਬਚਾਅ ਲਿਆ
ਔਰਤ ਵੱਲੋਂ ਆਪਣੀਆਂ ਦੋ ਬੱਚੀਆਂ ਸਣੇ ਸਰਹਿੰਦ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੋਤਾਖੋਰਾਂ ਵੱਲੋਂ ਮਾਂ ਅਤੇ 2 ਸਾਲਾਂ ਬੱਚੀ ਨੂੰ ਬਚਾਅ ਲਿਆ ਗਿਆ ਹੈ।
ਗੋਤਾਂਖੋਰਾਂ ਨੇ ਬਚਾਈ ਜਾਨ:ਜਾਣਕਾਰੀ ਦੇ ਅਨੁਸਾਰ ਸਾਹਨੇਵਾਲ ਦੀ ਰਹਿਣ ਵਾਲੀ ਗੁਰਦੀਪ ਕੌਰ ਆਪਣੀਆਂ ਦੋਨੋਂ ਬੇਟੀਆਂ ਸਮੇਤ ਨੀਲੋਂ ਵਿਖੇ ਨਹਿਰ ਕੰਢੇ ਪੁੱਜੀ ਅਤੇ ਬਿਨ੍ਹਾਂ ਕਿਸੀ ਦੇਰੀ ਦੇ ਆਪਣੀਆਂ ਧੀਆਂ ਸਮੇਤ ਨਹਿਰ 'ਚ ਛਾਲ ਮਾਰ ਦਿੱਤੀ। ਜਦੋਂ ਉੱਥੇ ਲੋਕਾਂ ਨੇ ਦੇਖਿਆ ਤਾਂ ਰੌਲਾ ਪਾ ਦਿੱਤਾ। ਨਹਿਰ ਕੰਢੇ ਘੁੰਮ ਰਹੇ ਗੋਤਾਖੋਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ। ਇਸ ਦੌਰਾਨ ਪਹਿਲਾਂ 2 ਮਹੀਨਿਆਂ ਦੀ ਬੱਚੀ ਜੋਕਿ ਪਾਣੀ ਦੇ ਉਪਰ ਹੀ ਸੀ ਨੂੰ ਬਾਹਰ ਕੱਢ ਲਿਆ ਗਿਆ। ਇਸ ਮਗਰੋਂ ਔਰਤ ਨੂੰ ਬਾਹਰ ਕੱਢਿਆ ਗਿਆ। ਜਦਕਿ 4 ਸਾਲਾਂ ਦੀ ਬੱਚੀ ਪਾਣੀ 'ਚ ਰੁੜ ਗਈ ਹੈ। ਉਸਦੀ ਭਾਲ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਦਾ ਬਿਆਨ: ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਔਰਤ ਨੇ ਨਹਿਰ ਵਿੱਚ ਆਪਣੀਆਂ ਬੱਚੀਆਂ ਸਮੇਤ ਛਾਲ ਕਿਉਂ ਮਾਰੀ ਇਸ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ।ਜਦਕਿ ਪੁਲਿਸ ਦੀ ਨਿਗਰਾਨੀ ਹੇਠ ਦੋਵਾਂ ਦਾ ਇਲਾਜ ਚੱਲ ਰਿਹਾ ਹੈੈ। ਪੁਲਸ ਨੇ ਔਰਤ ਦੇ ਰਿਸ਼ਤੇਦਾਰਾਂ ਨੂੰ ਫੋਨ ਰਾਹੀਂ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਘਟਨਾ ਪਿੱਛੇ ਦੇ ਕਾਰਨਾਂ ਦਾ ਪਤਾ ਲਗਾ ਲਿਆ ਜਾਵੇਗਾ ਅਤੇ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।