ਲੁਧਿਆਣਾ : 23 ਮਾਰਚ 1931 ਦਾ ਦਿਨ ਸ਼ਾਇਦ ਕੋਈ ਭੁਲਾ ਸਕਦਾ ਹੈ ਕਿਉਂਕਿ ਇਸ ਦਿਨ ਸਾਡੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਅੰਗਰੇਜ਼ੀ ਹਕੂਮਤ ਵੱਲੋਂ ਫਾਂਸੀ ਚੜ੍ਹਾ ਦਿੱਤਾ ਗਿਆ ਸੀ।
23 ਮਾਰਚ ਦੇ ਇਸ ਦਿਨ ਪੂਰੇ ਦੇਸ਼ ਭਰ ਵਿੱਚ ਇਨ੍ਹਾਂ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਲੁਧਿਆਣਾ ਦੇ ਚੌੜਾ ਬਾਜ਼ਾਰ ਨੌ ਘਰਾਂ ਵਿੱਚ ਸਥਿਤ ਹੈ ਜਿੱਥੇ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਪਹੁੰਚੀ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜੱਦੀ ਰਿਹਾਇਸ਼ ਤੱਕ ਲੋਕਾਂ ਦੀ ਪਹੁੰਚ ਕਰਵਾਉਣ ਲਈ ਰਸਤਾ ਚੌੜਾ ਕੀਤਾ ਜਾਵੇਗਾ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨੇ ਉਨ੍ਹਾਂ ਦੇ ਜੱਦੀ ਘਰ ਦਾ ਜਾਇਜ਼ਾ ਲਿਆ। ਇਸ ਨੂੰ ਪੁਰਾਤੱਤਵ ਵਿਭਾਗ ਵੱਲੋਂ ਸਾਂਭਿਆ ਗਿਆ ਹੈ ਅਤੇ ਉਸ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।
ਜਾਣੋ ਕਿੱਥੇ ਹੈ, ਸ਼ਹੀਦ ਸੁਖਦੇਵ ਸਿੰਘ ਦਾ ਜੱਦੀ ਘਰ ਇੱਥੇ ਬਿਤਾਏ ਸ਼ਹੀਦ ਸੁਖਦੇਵ ਸਿੰਘ ਨੇ 5 ਸਾਲ
ਇਹ ਉਹ ਸਥਾਨ ਹੈ ਜਿੱਥੇ ਸ਼ਹੀਦ ਸੁਖਦੇਵ ਥਾਪਰ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਪੰਜ ਸਾਲ ਬਿਤਾਏ ਸਨ। ਇੱਥੇ ਹੀ ਉਨ੍ਹਾਂ ਦਾ ਜਨਮ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੀ ਮਾਤਾ ਦੇ ਨਾਲ ਲਾਇਲਪੁਰ ਚਲੇ ਗਏ। ਜਿਥੇ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ।
ਭਗਤ ਸਿੰਘ ਨੂੰ ਮਿਲੇ ਸੁਖਦੇਵ ਸਿੰਘ
ਲਾਇਲਪੁਰ ਵਿੱਚ ਹੀ ਉਹ ਭਗਤ ਸਿੰਘ ਹੁਰਾਂ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਤਿੰਨਾਂ ਨੇ ਜੋ ਦੇਸ਼ ਲਈ ਕੀਤਾ, ਉਸ ਤੋਂ ਸਾਰੇ ਵਾਕਿਫ ਨੇ ਕਿਵੇਂ ਅੰਗਰੇਜ਼ੀ ਹਕੂਮਤ ਦੀਆਂ ਉਨ੍ਹਾਂ ਨੇ ਜੜ੍ਹਾਂ ਹਿਲਾ ਦਿੱਤੀਆਂ, ਜਿਸ ਤੋਂ ਬਾਅਦ ਅੰਗਰੇਜ਼ੀ ਹਕੂਮਤ ਵੱਲੋਂ ਉਨ੍ਹਾਂ ਉੱਤੇ ਲਗਾਤਾਰ ਕੇਸ ਚਲਾਏ ਗਏ। ਉਨ੍ਹਾਂ ਨੂੰ ਫਾਂਸੀ ਦੇਣ ਦਾ ਫ਼ੈਸਲਾ ਲਿਆ ਗਿਆ। ਇਸ ਦਿਨ ਫਾਂਸੀ ਮੁਕਰਰ ਹੋਈ, ਉਸ ਤੋਂ ਇੱਕ ਦਿਨ ਪਹਿਲਾਂ ਹੀ ਇਨ੍ਹਾਂ ਤਿੰਨਾਂ ਦੇਸ਼ ਦੇ ਪੁੱਤਾਂ ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ। ਇਸ ਨੂੰ ਪੂਰਾ ਦੇਸ਼ ਕਦੇ ਨਹੀਂ ਭੁਲਾ ਸਕਦਾ ਅਤੇ ਇਨ੍ਹਾਂ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਪੂਰਾ ਦੇਸ਼ ਅੱਜ ਨਮਨ ਕਰ ਰਿਹਾ ਹੈ।
ਉਨ੍ਹਾਂ ਦੇ ਪਰਿਵਾਰਕ ਮੈਂਬਰ ਗੋਰਾ ਥਾਪਰ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਸਿੰਘ ਨੇ ਇੱਥੇ ਆਪਣਾ ਬਚਪਨ ਬਤੀਤ ਕੀਤਾ ਹੈ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਲਾਇਲਪੁਰ ਚੱਲੇ ਗਏ ਉੱਥੇ ਉਨ੍ਹਾਂ ਦੀ ਜਵਾਨੀ ਲੰਘੀ। ਲਾਇਲਪੁਰ ਵਿੱਚ ਹੀ ਉਨ੍ਹਾਂ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਨਾਲ ਹੋਈ।