ਲੁਧਿਆਣਾ: ਸਥਾਨਕ ਐੱਸਟੀਐਫ਼ ਟੀਮ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ 'ਚ ਸਾਹਨੇਵਾਲ ਦੇ ਨੇੜੇ ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਇੱਕ ਹੌਂਡਾ ਅਮੇਜ਼ ਕਾਰ 'ਚ ਸਵਾਰ ਪ੍ਰੇਮੀ ਜੋੜੇ ਤੋਂ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਹੈਰੋਇਨ ਦੀਕੀਮਤ ਲਗਭਗ ਤਿੰਨ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮੁਲਜ਼ਮਾਂ ਦੀ ਸ਼ਨਾਖ਼ਤ ਅਮਿਤਪ੍ਰੀਤ ਉਰਫ਼ ਰੂਬੀ ਤੇ ਲਕਸ਼ਮੀ ਉਰਫ਼ ਮੁਸਕਾਨ ਵਜੋਂ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਲੁਧਿਆਣਾ ਰੇਂਜ ਐਸਟੀਐਫ਼ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕਾਫ਼ੀ ਲੰਮੇ ਸਮੇਂ ਤੋਂ ਮੁਲਜ਼ਮ ਨਸ਼ਾ ਤਸਕਰੀ ਕਰਦੇ ਹਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੁਲਜ਼ਮ ਸਾਹਨੇਵਾਲ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਕਰਨ ਲਈ ਜਾ ਰਹੇ ਹਨ ਤਾਂ ਉਨ੍ਹਾਂ ਨੇ ਉਸ ਵੇਲੇ ਵਿਸ਼ੇਸ਼ ਨਾਕੇਬੰਦੀ ਕੀਤੀ।