Ludhiana Shooters : ਲੁਧਿਆਣਾ ਦੇ ਨਿਸ਼ਾਨੇਬਾਜਾਂ ਦਾ ਸੂਬੇ ਭਰ 'ਚ ਸ਼ਾਨਦਾਰ ਪ੍ਰਦਰਸ਼ਨ ਲੁਧਿਆਣਾ:ਜ਼ਿਲ੍ਹੇ ਦੀ ਸ਼ੂਟਿੰਗ ਰੇਂਜ ਦੇ ਨਿਸ਼ਾਨੇਬਾਜ਼ਾਂ ਨੇ 18 ਮੈਡਲ ਜਿੱਤ ਕੇ ਲੁਧਿਆਣਾ ਦੀ ਝੋਲੀ ਪਾਏ ਹਨ। ਇਨ੍ਹਾਂ ਵਿੱਚ 10 ਗੋਲਡ ਮੈਡਲ, 5 ਚਾਂਦੀ ਦੇ ਤਗ਼ਮੇ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਿਲ ਹਨ। ਪਹਿਲਾਂ ਬਲਾਕ ਪੱਧਰ ਅਤੇ ਫਿਰ ਜ਼ਿਲ੍ਹਾ ਪੱਧਰ ਅਤੇ ਹੁਣ ਇਹ ਖਿਡਾਰੀ ਸੂਬਾ ਪੱਧਰੀ ਖੇਡਾਂ ਵਿੱਚ 18 ਮੈਡਲ ਜਿੱਤ ਕੇ ਲਿਆਏ ਹਨ। ਲੁਧਿਆਣਾ ਦੀ ਓਵਰਾਲ ਨਿਸ਼ਾਨੇਬਾਜ਼ੀ ਵਿੱਚ ਪੰਜਾਬ ਭਰ ਦੇ ਤੀਜੇ ਨੰਬਰ ਦੀ ਪੋਜੀਸ਼ਨ ਰਹੀ ਹੈ। 23 ਜ਼ਿਲ੍ਹਿਆਂ ਵਿੱਚ ਲੁਧਿਆਣਾ ਤੀਜੇ ਨੰਬਰ ਉੱਤੇ ਰਿਹਾ ਹੈ। ਜਿੱਤਣ ਵਾਲੇ ਖਿਡਾਰੀ ਸਾਰੇ ਹੀ ਆਮ ਘਰਾਂ ਦੇ ਬੱਚੇ ਹਨ, ਜੋ ਕਿ ਲੁਧਿਆਣਾ ਦੀ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਕਰਦੇ ਹਨ।
ਤਗ਼ਮਾ ਜੇਤੂ ਪਵਨਪ੍ਰੀਤ ਸਿੰਘ ਤੇ ਨਿਸ਼ਾਂਤ ਕਾਂਸਲ ਸ਼ੂਟਿੰਗ ਦੀ ਸਿਖਲਾਈ ਦੇ ਨਾਲ ਪੜਾਈ ਵੀ ਜਾਰੀ:ਸ਼ੂਟਿੰਗ ਰੇਂਜ ਦੇ ਕੋਚ ਗੁਰਜੀਤ ਸਿੰਘ ਅਤੇ ਮਹਿਲਾ ਕੋਚ ਪ੍ਰੀਆ ਨੇ ਦੱਸਿਆ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਲੁਧਿਆਣਾ ਨਿਸ਼ਾਨੇਬਾਜ਼ੀ ਰੇਂਜ ਤੋਂ ਜਿੰਨੇ ਵੀ ਬੱਚਿਆਂ ਨੇ ਹਿੱਸਾ ਲਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਮੈਡਲ ਲਿਆਂਦੇ ਹਨ। ਇਹ ਬੱਚੇ ਨਿਸ਼ਾਨੇਬਾਜੀ ਦੇ ਅਭਿਆਸ ਦੇ ਨਾਲ-ਨਾਲ ਸਵੇਰੇ ਅਤੇ ਸ਼ਾਮ ਨੂੰ ਆਪਣੀ ਪੜ੍ਹਾਈ ਵੀ ਕਰ ਰਹੇ ਹਨ। ਕੋਚ ਗੁਰਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਸਿਰਫ਼ ਆਪਣੇ ਪੈਸਿਆਂ ਨਾਲ ਹਥਿਆਰ (Weopen) ਲਿਆਉਣਾ ਪੈਂਦਾ ਹੈ, ਬਾਕੀ ਸਾਰੀਆਂ ਸੁਵਿਧਾਵਾਂ ਇਸ ਸ਼ੂਟਿੰਗ ਰੇਂਜ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਬੱਚਿਆਂ ਨੂੰ ਮੁਫ਼ਤ ਵਿੱਚ ਨਿਸ਼ਾਨੇਬਾਜ਼ੀ ਸਿਖਾਈ ਜਾਂਦੀ ਹੈ ਅਤੇ ਇੱਥੇ ਸਾਰੀਆਂ ਹੀ ਆਧੁਨਿਕ ਸੁਵਿਧਾਵਾਂ ਹਨ। ਪਿਛਲੇ ਸਾਲ ਜੈਪੁਰ ਦੇ ਵਿੱਚ ਹੋਈਆਂ ਕੌਮੀ ਨਿਸ਼ਾਨੇਬਾਜ਼ੀ ਦੀਆਂ ਖੇਡਾਂ ਵਿੱਚ ਵੀ ਇਸ ਰੇਂਜ ਤੋਂ ਨਿਸ਼ਾਨੇਬਾਜ 7 ਮੈਡਲ ਲੈ ਕੇ ਆਏ ਸਨ।
ਨਿਸ਼ਾਨੇਬਾਜਾਂ ਦਾ ਸੂਬੇ ਭਰ 'ਚ ਸ਼ਾਨਦਾਰ ਪ੍ਰਦਰਸ਼ਨ ਓਲਪਿੰਕ ਦੀ ਤਿਆਰੀ:ਕੋਚ ਨੇ ਕਿਹਾ ਕਿ ਸਾਡੇ ਕੋਲ ਕਈ ਖਿਡਾਰੀ ਅਜਿਹੇ ਹਨ, ਜੋ ਕਿ ਕੌਮੀ ਖੇਡਾਂ ਵਿੱਚ ਵੀ ਆਪਣਾ ਦਮ ਦਿਖਾ ਚੁੱਕੇ ਹਨ। ਕੋਚ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇ, ਤਾਂ ਉਨ੍ਹਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਣ ਤਾਂ ਹੀ ਉਹ ਕੋਮਾਂਤਰੀ ਪੱਧਰ ਉੱਤੇ ਜਾ ਕੇ ਆਪਣੇ ਦੇਸ਼ ਲਈ ਮੈਡਲ ਲਿਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਸੁਪਨਾ ਹੈ ਕਿ ਸਾਡੀ ਰੇਂਜ ਤੋਂ ਕੋਈ ਨਾ ਕੋਈ ਖਿਡਾਰੀ ਜਰੂਰ ਓਲੰਪਿਕ ਜਾ ਕੇ ਮੈਡਲ ਲੈ ਕੇ ਆਵੇ।
ਭਰਾ ਤੋਂ ਪ੍ਰਭਾਵਿਤ ਹੋ ਕੇ ਨਿਸ਼ਾਨੇਬਾਜੀ ਚੁਣੀ :ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਅਤੇ ਇੱਕ ਕਾਂਸੇ ਦਾ ਤਗ਼ਮਾ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਅਤੇ 25 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਪਵਨਪ੍ਰੀਤ ਸਿੰਘ ਸੇਖੋਂ ਨੇ ਦੱਸਿਆ ਕੇ ਉਹ ਆਪਣੇ ਭਰਾ ਤੋਂ ਪ੍ਰਭਾਵਿਤ ਹੋ ਕੇ ਨਿਸ਼ਾਨੇਬਾਜ਼ੀ ਵਿੱਚ ਆਇਆ ਹੈ। ਉਸ ਨੇ ਪਿਛਲੇ ਦੋ-ਤਿੰਨ ਸਾਲ ਵਿੱਚ ਹੀ ਟ੍ਰੇਨਿੰਗ ਹਾਸਿਲ ਕਰਕੇ ਗੋਲਡ ਮੈਡਲ ਹਾਸਿਲ ਕੀਤਾ ਹੈ। ਉਸ ਨੇ ਦੱਸਿਆ ਕਿ ਸੂਬਾ ਪੱਧਰ ਉੱਤੇ ਉਸ ਨੂੰ ਕੈਸ਼ ਇਨਾਮ ਵੀ ਮਿਲਿਆ ਹੈ। ਇਸ ਤੋਂ ਇਲਾਵਾ, ਨਿਸ਼ਾਂਤ ਕਾਂਸਲ ਨੇ ਵੀ 50 ਮੀਟਰ ਫ੍ਰੀ ਪਿਸਟਲ ਵਿੱਚ ਸੋਨੇ ਦਾ ਤਗ਼ਮਾ ਹਾਸਿਲ ਕੀਤਾ ਹੈ।
ਖਿਡਾਰੀਆਂ ਨੇ ਦੱਸਿਆ ਕਿ ਪਿੰਡ ਬਾਦਲ ਵਿੱਚ ਸਰਕਾਰੀ ਕੁੜੀਆਂ ਦੇ ਕਾਲਜ ਵਿੱਚ ਇਹ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ ਸਨ। ਖਿਡਾਰੀਆਂ ਨੇ ਦੱਸਿਆ ਕਿ ਹੁਣ ਉਹ ਕੌਮੀ ਪੱਧਰ ਦੀਆਂ ਖੇਡਾਂ ਲਈ ਲਗਾਤਾਰ ਤਿਆਰੀ ਕਰ ਰਹੇ ਹਨ। ਉਹ ਪਿਛਲੇ ਦਿਨੀ ਕੈਂਪ ਵੀ ਲਗਾ ਕੇ ਆਏ ਹਨ। ਜੈਪੁਰ ਵਿੱਚ ਵੀ ਕੌਮੀ ਖੇਡਾਂ ਵਿੱਚ ਉਨ੍ਹਾਂ ਨੇ ਮੈਡਲ ਜਿੱਤੇ ਹਨ ਅਤੇ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਹੈ। ਲੁਧਿਆਣਾ ਦੀ ਓਵਰਆਲ ਪੂਰੇ ਪੰਜਾਬ ਵਿੱਚ ਤੀਜੀ ਪੁਜੀਸ਼ਨ ਆਈ ਹੈ। ਉਨ੍ਹਾਂ ਤੋਂ ਇਲਾਵਾ ਇਸ ਰੇਂਜ ਤੋਂ ਹੋਰ ਵੀ ਕਈ ਬੱਚਿਆਂ ਨੇ ਹਿੱਸਾ ਲਿਆ ਸੀ, ਜਿਨਾਂ ਨੇ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੈਡਲ ਹਾਸਿਲ ਕੀਤੇ ਹਨ।