ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਭਾਗ ਵੱਲੋਂ ਜਾਮਨੀ ਗਾਜਰਾਂ ਦੀ ਕਾਢ ਕੱਢੀ ਗਈ ਹੈ। ਇਨ੍ਹਾਂ ਗਾਜਰਾਂ ਦੀ ਗੁਣਵੱਤਾ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਕਿੱਲੋ ਗਾਜਰ ਤੋਂ 500 ਐਮਐਲ ਤੱਕ ਜੂਸ ਵੀ ਨਿਕਲਦਾ ਹੈ ਅਤੇ ਇਸ ਦੀ ਖੇਤੀ ਕਰਦੇ ਹੋ, ਤਾਂ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਇਹ ਕਾਫੀ ਕਾਰਗਰ ਹੈ। ਮਨੁੱਖੀ ਸਿਹਤ ਉੱਤੇ ਇਸ ਦਾ ਇੰਨਾ ਚੰਗਾ ਅਸਰ ਹੈ ਕਿ ਸਿਰਫ ਵੇਚਣ ਲਈ ਨਹੀਂ ਸਗੋਂ ਆਪਣੇ ਖਾਣ ਲਈ ਵੀ ਇਸ ਗਾਜਰ ਦੀ ਖੇਤੀ ਕਰਨੀ ਚਾਹੀਦੀ ਹੈ। 2013 ਵਿੱਚ ਯੂਨੀਵਰਸਿਟੀ ਵੱਲੋਂ ਜਦੋਂ ਕਾਲੀ ਗਾਜਰ ਦੀ ਕਿਸਮ ਕੱਢੀ ਗਈ ਸੀ, ਉਦੋਂ ਕਾਫ਼ੀ ਚਰਚੇ ਹੋਏ ਸਨ, ਪਰ ਹੁਣ ਦੋ ਹੋਰ ਕਿਸਮਾਂ ਨਵੀਆਂ ਲਿਆਂਦੀਆਂ ਗਈਆਂ ਹਨ ਜਿਸ ਵਿੱਚ ਜਾਮਨੀ, ਕਾਲੀ ਅਤੇ ਪੀਲੀ ਗਾਜਰ ਸ਼ਾਮਲ ਹੈ।
ਜਾਮਨੀ ਗਾਜਰ ਦੀ ਨਵੀਂ ਕਿਸਮ: ਡਾਕਟਰ ਤਰਸੇਮ ਸਿੰਘ ਢਿੱਲੋ ਨੇ ਦੱਸਿਆ ਕੇ ਇਹ 2 ਰੰਗਾਂ ਦੇ ਸੁਮੇਲ ਤੋਂ ਬਣੀ ਨਵੀਂ ਕਿਸਮ ਦੀ ਗਾਜਰ ਹੈ, ਜਿਸ ਵਿੱਚ ਲਾਲ ਅਤੇ ਜਾਮਨੀ ਰੰਗ ਹੁੰਦਾ ਹੈ ਅਤੇ ਵਿਚੋਂ ਇਹ ਪੀਲੇ ਰੰਗ ਦੀ ਨਿਕਲਦੀ ਹੈ। ਇਸ ਵਿੱਚ ਕਾਲੀ ਗਾਜਰ ਦੇ ਨਵੇਂ ਤੱਤਾਂ ਦੇ ਨਾਲ ਬਿਟਾ ਕੇਰੋਡੀਨ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਇਹ ਤੱਤ ਸਾਡੀਆਂ ਅੱਖਾਂ ਦੀ ਰੌਸ਼ਨੀ ਲਈ ਵਧੇਰੇ ਲਾਹੇਵੰਦ ਹੈ। ਉਸ ਵਿੱਚ ਵੀ ਆਈਰਨ, ਜ਼ਿੰਕ ਵਧੇਰੇ ਮਾਤਰਾ ਵਿੱਚ ਪਾਇਆ ਜਾਂਦਾ ਹੈ। 1 ਕਿਲੋ ਗਾਜਰ ਵਿੱਚ 500 ਐਮ ਐਲ ਜੂਸ ਨਿਕਲ ਜਾਂਦਾ ਹੈ। ਇਸ ਗਾਜਰ ਦਾ 1 ਏਕੜ ਦਾ ਝਾੜ 218 ਕੁਇੰਟਲ ਦੇ ਕਰੀਬ ਨਿਕਲਦਾ ਹੈ। ਇਸ ਦੀ ਵਰਤੋਂ ਕਿਚਣ ਗਾਰਡਨ ਵਿੱਚ ਵੀ ਹੁੰਦੀ ਹੈ।
ਪੀਲੇ ਰੰਗ ਦੀ ਗਾਜਰ: ਇਸ ਨੂੰ ਪੀਲੇ ਰੰਗ ਦੀ ਗਾਜਰ ਅਤੇ ਪੰਜਾਬ ਰੌਸ਼ਨੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। 1 ਏਕੜ ਚੋਂ 207 ਤੋਂ 210 ਕੁਇੰਟਲ ਤੱਕ ਇਸ ਦਾ ਝਾੜ ਨਿਕਲਦਾ ਹੈ। ਇਸ ਗਾਜਰ ਵਿੱਚ ਬਾਕੀ ਤੱਤਾਂ ਦੇ ਨਾਲ ਡੀਉਤਨ ਪਾਇਆ ਜਾਂਦਾ ਹੈ। ਮਾਹਿਰ ਡਾਕਟਰ ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਨਾਲ ਵੀ ਅੱਖਾਂ ਦੀ ਰੌਸ਼ਨੀ ਚੰਗੀ ਰਹਿੰਦੀ ਹੈ। ਇਸ ਚ ਕਾਲੀ ਗਾਜਰ ਅਤੇ ਜਾਮੁਨੀ ਗਾਜਰ ਦੇ ਸਾਰੇ ਤੱਤ ਪਾਏ ਜਾਂਦੇ ਹਨ।
ਕਾਲੀ ਗਾਜਰ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਮਾਹਿਰ ਡਾਕਟਰ ਤਰਸੇਮ ਸਿੰਘ ਢਿੱਲੋ ਨੇ ਦੱਸਿਆ ਕਿ ਕਾਲੀ ਗਾਜਰ ਦੀ ਕਾਢ 2013 ਵਿੱਚ ਹੀ ਹੋ ਗਈ ਸੀ ਜਿਸ ਨੂੰ ਬਾਅਦ ਵਿੱਚ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 24 ਤੋਂ 25 ਸੈਂਟੀਮੀਟਰ ਤੱਕ ਇਸ ਦੀ ਲੰਬਾਈ ਹੁੰਦੀ ਹੈ ਅਤੇ ਇੱਕ ਏਕੜ ਚੋਂ ਇਸ ਦਾ 196 ਕੁਇੰਟਲ ਤੱਕ ਝਾੜ ਨਿਕਲ ਆਉਂਦਾ ਹੈ। ਕਾਲੀ ਗਾਜਰ ਵਿੱਚ ਸਾਇਰਨ ਪਿੱਗਮੇਂਟ ਸਭ ਤੋਂ ਜਿਆਦਾ ਹੁੰਦਾ ਹੈ। 100 ਗ੍ਰਾਮ ਗਾਜਰ ਵਿੱਚ 240 ਮਿਲੀ ਗ੍ਰਾਮ ਪਾਇਆ ਜਾਂਦਾ ਹੈ। ਇਸ ਵਿੱਚ ਫਿਨੋਲਸ ਦੀ ਕਾਫੀ ਮਾਤਰਾ ਹੁੰਦੀ ਹੈ। ਆਇਰਨ, ਜ਼ਿੰਕ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ। ਕਾਲੀ ਗਾਜਰ ਵਿੱਚ ਜੂਸ ਵੀ ਵਧੇਰੇ ਹੁੰਦਾ ਹੈ। ਉਨ੍ਹਾ ਦੱਸਿਆ ਕਿ ਇਸ ਦੇ ਰੈਗੂਲਰ ਸੇਵਨ ਨਾਲ ਇਹ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ। ਕੈਂਸਰ ਵਰਗੀ ਬਿਮਾਰੀ ਨਾਲ ਵੀ ਲੜ੍ਹਨ ਦੀ ਸ਼ਕਤੀ ਦਿੰਦੀ ਹੈ।