ਲੁਧਿਆਣਾ: ਨਾਗਰਿਕਤਾ ਕਾਨੂੰਨ 'ਚ ਕੀਤੇ ਗਏ ਸੋਧ ਤੋਂ ਬਾਅਦ ਦੇਸ਼ ਭਰ 'ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਚ ਦਿੱਲੀ ਅਤੇ ਅਲੀਗੜ੍ਹ ਪੁਲਿਸ ਵੱਲੋਂ ਜੇ.ਐਨ.ਯੂ ਅਤੇ ਏ.ਐਮ.ਯੂ ਦੇ ਵਿਦਿਆਰਥੀਆਂ 'ਤੇ ਕੀਤੇ ਗਏ ਲਾਠੀਚਾਰਜ ਨੂੰ ਲੈ ਕੇ ਲੁਧਿਆਣਾ ਵਿੱਚ ਵੀ ਇਸ ਦਾ ਵਿਰੋਧ ਕੀਤਾ ਗਿਆ।
ਫੀਲਡ ਗੰਜ ਚੌਕ 'ਚ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਮਜਲਿਸ ਅਹਿਰਾਰ ਇਸਲਾਮ ਵੱਲੋਂ ਕੀਤੇ ਗਏ ਰੋਸ ਮੁਜ਼ਾਹਿਰੇ 'ਚ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ, ਸ਼ਾਹੀ ਇਮਾਮ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਜਿਸ ਤਰ੍ਹਾਂ ਬੱਚੀਆਂ ਨੂੰ ਕੁੱਟ-ਕੁੱਟ ਕੇ ਜਖ਼ਮੀ ਕੀਤਾ ਹੈ ਉਸ ਨਾਲ ਇਨਸਾਨੀਅਤ ਸ਼ਰਮਿੰਦਾ ਹੋ ਗਈ ਹੈ।ਸ਼ਾਹੀ ਇਮਾਮ ਨੇ ਕਿਹਾ ਕਿ ਇਹ ਉਹੀ ਦਿੱਲੀ ਪੁਲਿਸ ਹੈ ਜੋ ਹੁਣੇ ਕੁੱਝ ਦਿਨ ਪਹਿਲਾਂ ਵਕੀਲਾਂ ਦੇ ਨਾਲ ਹੋਏ ਝਗੜੇ ਤੋਂ ਬਾਅਦ ਰੋਅ-ਰੋਅ ਕੇ ਆਪਣਾ ਦੁਖੜਾ ਸੁਣਾ ਰਹੀ ਸੀ।
ਸ਼ਾਹੀ ਇਮਾਮ ਨੇ ਕਿਹਾ ਕਿ ਪੂਰਾ ਦੇਸ਼ ਜਾਮੀਆ ਅਤੇ ਏਐਮਯੂ ਦੇ ਬੱਚੀਆਂ ਦੇ ਨਾਲ ਹੈ ਇਹ ਕਿਸੇ ਇੱਕ ਧਰਮ ਦੇ ਵਿਦਿਆਰਥੀ ਨਹੀਂ ਹਨ ਬਲਕਿ ਦੇਸ਼ ਦੇ ਬੱਚੇ ਹਨ। ਜੋ ਲੋਕ ਨਾਗਰਿਕਤਾ ਬਿੱਲ ਦੇ ਵਿਰੋਧ ਨੂੰ ਧਾਰਮਿਕ ਰੰਗ ਦੇ ਕੇ ਬਦਨਾਮ ਕਰਨਾ ਚਾਹੁੰਦੇ ਹਨ।
ਇਹ ਵੀ ਪੜੋ: ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਹਿੰਸਾ ਦੇ ਮਾਮਲੇ 'ਤੇ SC ਮੰਗਲਵਾਰ ਨੂੰ ਕਰੇਗਾ ਸੁਣਵਾਈ
ਉਹ ਇਹ ਗੱਲ ਸਮਝ ਲੈਣ ਕਿ ਭਾਰਤ 'ਚ ਜਿੱਤ ਲੋਕਤੰਤਰ ਦੀ ਹੀ ਹੋਵੇਗੀ। ਸ਼ਾਹੀ ਇਮਾਮ ਨੇ ਭਾਰਤ ਦੇ ਰਾਸ਼ਟਰਪਤੀ ਜੀ ਰਾਮ ਨਾਥ ਕੋਵਿੰਦ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਅਤੇ ਅਲੀਗੜ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਸ਼ਾਂਤੀਪੂਰਵਕ ਮੁਜ਼ਾਹਿਰੇ ਨੂੰ ਜਾਣ ਬੁੱਝ ਕੇ ਹਿੰਸਕ ਬਣਾ ਕੇ ਜ਼ੁਲਮ ਕੀਤਾ ਹੈ। ਇਸ ਮੌਕੇ ਹੋਰ ਵੀ ਮੁਸਲਿਮ ਆਗੂਆਂ ਨੇ ਦਿੱਲੀ ਜਾਮੀਆ ਯੂਨੀਵਰਸਿਟੀ 'ਚ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ।