ਲੁਧਿਆਣਾ : ਸ਼ਹਿਰ ਦੇ ਵਿੱਚ ਹੁਣ ਟਰੈਫਿਕ ਪੁਲਿਸ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਤੇ ਠੱਲ੍ਹ ਪਾਉਣ ਲਈ ਇੱਕ ਨਵਾਂ ਉਪਰਾਲਾ ਕਰਨ ਜਾ ਰਹੀ ਹੈ। ਸ਼ਹਿਰ ਦੇ ਮੁੱਖ ਸਿਗਨਲਾਂ 'ਤੇ ਕੈਮਰੇ ਲਗਾਏ ਜਾ ਰਹੇ ਹਨ। ਸਿਗਨਲ ਤੋੜਨ ਵਾਲੇ ਦਾ ਨੰਬਰ ਟਰੇਸ ਹੋ ਜਾਵੇਗਾ ਅਤੇ ਚਲਾਨ ਘਰ ਪਹੁੰਚ ਜਾਵੇਗਾ। ਇੱਥੋਂ ਤੱਕ ਕੇ ਘਰ ਤੱਕ ਚਲਾਨ ਪਹੁੰਚਣ ਦੇ ਪੈਸੇ ਵੀ ਨਿਯਮ ਤੋੜਣ ਵਾਲੇ ਦੇ ਖ਼ਾਤੇ ਵਿੱਚੋਂ ਕੱਟੇ ਜਾਣਗੇ।
ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਦੀ ਹੁਣ ਖੈਰ ਨਹੀਂ ! - Ludhiana Police latest news
ਚੰਡੀਗੜ੍ਹ ਅਤੇ ਵਿਸ਼ਵ ਦੇ ਹੋਰਨਾਂ ਵੱਡੇ ਸ਼ਹਿਰਾਂ ਦੀ ਤਰਜ਼ ਤੇ ਲੁਧਿਆਣਾ ਟ੍ਰੈਫਿਕ ਪੁਲਿਸ ਇੱਕ ਕਦਮ ਚੁੱਕਣ ਜਾ ਰਹੀ ਹੈ। ਨੰਬਰ ਪਲੇਟ ਦੇ ਹਿਸਾਬ ਨਾਲ ਆਰਸੀ 'ਤੇ ਜੋ ਵੀ ਐਡਰੈੱਸ ਹੋਵੇਗਾ ਉਸੇ 'ਤੇ ਹੀ ਚਲਾਨ ਭੇਜੇ ਜਾਣਗੇ ਅਤੇ ਚਲਾਨ ਭੇਜਣ ਦਾ ਖ਼ਰਚਾ ਵੀ ਸਿਗਨਲ ਤੋੜਨ ਵਾਲੇ ਦੇ ਖਾਤੇ ਚੋਂ ਹੀ ਕੱਟਿਆ ਜਾਵੇਗਾ।
ਇਸ ਸਬੰਧੀ ਟਰੈਫਿਕ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਸਖ਼ਤੀ ਸ਼ੁਰੂ ਹੋ ਚੁੱਕੀ ਹੈ ਅਤੇ ਕੁਝ ਹੀ ਦਿਨਾਂ ਚ ਕੈਮਰੇ ਰਾਹੀਂ ਚਲਾਨ ਲੋਕਾਂ ਦੇ ਘਰੀ ਭੇਜਣੇ ਸ਼ੁਰੂ ਕਰ ਦਿੱਤੇ ਜਾਣਗੇ, ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਇਕ ਪਾਸੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਸ਼ਿਕੰਜਾ ਕੱਸੇਗਾ ਉੱਥੇ ਹੀ ਦੂਜੇ ਪਾਸੇ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਵੀ ਕਰਨਗੇ।
ਆਮ ਲੋਕਾਂ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਕਦਮ ਬਹੁਤ ਹੀ ਵੱਧੀਆ ਹੈ। ਤੀਸਰੀ ਅੱਖ ਸਭ 'ਤੇ ਨਜ਼ਰ ਰੱਖੇਗੀ। ਲੋੜ ਹੈ ਤਾਂ ਪ੍ਰਸਾਸ਼ਨ ਵੱਲੋਂ ਇਸ ਤਰ੍ਹਾਂ ਦੇ ਕਦਮ ਹੋਰ ਚੁੱਕੇ ਜਾਣ ਦੀ ਤਾਂ ਜੋ ਦੁਰਘਟਨਾਵਾਂ ਵਰਗੀਆਂ ਸਮੱਸਿਆਵਾਂ 'ਤੇ ਠੱਲ ਪਾਈ ਜਾ ਸਕੇ।