ਪੁਲਿਸ ਨੇ ਸੁਲਝਾਈ ਐਨਆਰਆਈ ਕਤਲ ਦੀ ਗੁੱਥੀ ਲੁਧਿਆਣਾ: ਜ਼ਿਲ੍ਹੇ ਦੇ ਥਾਣਾ ਸਦਰ ਵਿੱਚ ਦਰਜ ਐਨਆਰਆਈ ਬਨਿੰਦਰ ਦੀਪ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਨੌਕਰ ਬਲ ਸਿੰਘ ਅਤੇ ਦੋਸਤ ਜਗਰਾਜ ਸਿੰਘ ਨੇ ਕਰਵਾਇਆ ਸੀ, ਜੋਕਿ ਉਸ ਨਾਲ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਇਨ੍ਹਾਂ ਦੋਵਾਂ ਵੱਲੋਂ ਅੱਗੇ 3 ਲੱਖ ਦੀ ਫਿਰੌਤੀ ਦੇਕੇ ਕਤਲ ਕਰਵਾਉਣ ਲਈ ਕਿਹਾ ਗਿਆ ਸੀ।
ਪੁਲਿਸ ਵਾਰਦਾਤ ਵਿੱਚ ਵਰਤੇ ਹਥਿਆਰ ਤੇ ਫਿਰੌਤੀ ਦੀ ਰਕਮ ਵੀ ਕੀਤੀ ਬਰਾਮਦ :ਪੁਲਿਸ ਨੇ ਫਿਰੌਤੀ ਲੈਕੇ ਕਤਲ ਕਰਨ ਵਾਲੇ ਚਾਰ ਹੋਰ ਮੁਲਜ਼ਮ ਜਸਪ੍ਰੀਤ ਸਿੰਘ, ਸੋਹਿਲ ਅਲੀ, ਦੇਵ ਰਾਜ ਅਤੇ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਨੌਕਰ ਦੀ ਮਾਂ ਬਾਰੇ ਅਕਸਰ ਹੀ ਗਲਤ ਭਾਸ਼ਾ ਦੀ ਵਰਤੋਂ ਕਰਦਾ ਸੀ, ਜਿਸ ਦੀ ਉਹ ਰੰਜ਼ਿਸ਼ ਰੱਖਦਾ ਸੀ। ਉਥੇ ਹੀ ਜਗਰਾਜ ਉਸ ਨਾਲ ਹੀ ਕੰਮ ਕਰਦਾ ਸੀ। ਪੁਲਿਸ ਨੇ ਵਾਰਦਾਤ ਵਿੱਚ ਵਰਤੇ ਹੋਏ ਦਾਤ, ਮੋਟਰਸਾਇਕਲ ਅਤੇ ਫਿਰੌਤੀ ਦੀ 1 ਲੱਖ 80 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਹੈ।
ਮ੍ਰਿਤਕ ਦੇ ਨੌਕਰ ਤੇ ਸਾਥੀ ਨੇ ਰਚੀ ਵਾਰਦਾਤ :ਪੁਲਿਸ ਨੇ ਦੱਸਿਆ ਕੇ ਮ੍ਰਿਤਕ ਦੇ ਨੌਕਰ ਬਲ ਸਿੰਘ ਅਤੇ ਜਗਰਾਜ ਸਿੰਘ ਨੇ ਹੀ ਕਤਲ ਦੀ ਸਾਜ਼ਸ਼ ਰਚੀ ਸੀ। ਦੋਵਾਂ ਨੇ ਅੱਗੇ 3 ਲੱਖ ਦੀ ਚਾਰ ਮੁਲਜ਼ਮਾਂ ਨੂੰ ਫਿਰੌਤੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕੇ ਜਦੋਂ ਬਨਿੰਦਰ ਦੀਪ ਸਿੰਘ ਆਪਣੇ ਫਾਰਮ ਹਾਊਸ ਤੋਂ ਨਿਕਲਿਆ ਤਾਂ ਪਹਿਲਾਂ ਤੋਂ ਹੀ ਘਾਤ ਲਾ ਕੇ ਤਿਆਰ ਹਮਲਾਵਰਾਂ ਨੇ ਉਸ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਕਤਲ ਕਰ ਦਿੱਤਾ।
ਪੈਸਿਆਂ ਦੇ ਲਾਲਚ ਵਿੱਚ ਆਇਆ ਨੌਕਰ :ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ 3 ਲੱਖ ਦੀ ਗੱਲ ਹੋਈ ਸੀ, 2 ਲੱਖ 70 ਹਜ਼ਾਰ ਮੁਲਜ਼ਮਾਂ ਨੂੰ ਦੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਸੋਚਦੇ ਸੀ ਕੇ ਮੋਬਾਇਲ ਫੋਨ ਨਾ ਵਰਤ ਕੇ ਉਹ ਬਚ ਸਕਦੇ ਹਨ, ਪਰ ਪੁਲਿਸ ਨੇ ਡੂੰਘਾਈ ਨਾਲ ਤਫਤੀਸ਼ ਕਰ ਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਕੇ ਬੱਲ ਸਿੰਘ 15 ਸਾਲ ਤੋਂ ਮ੍ਰਿਤਕ ਦੇ ਪਰਿਵਾਰ ਨਾਲ ਜੁੜਿਆ ਹੋਇਆ ਸੀ। ਪੈਸਿਆਂ ਦੇ ਲਾਲਚ ਕਰਕੇ ਇਨ੍ਹਾਂ ਨੇ ਐਨਆਰਆਈ ਦਾ ਕਤਲ ਕਰਵਾਇਆ ਹੈ।