ਪੁਲਿਸ ਕਮਿਸ਼ਨਰ ਜਾਣਕਾਰੀ ਦਿੰਦੇ ਹੋਏ ਲੁਧਿਆਣਾ:ਜ਼ਿਲ੍ਹੇ ਦੀ ਪੁਲਿਸ ਨੇ ਸਾਬਕਾ ਹੋਮਗਾਰਡ ਦੇ ਕਤਲ ਦੀ ਗੁੱਥੀ ਨੂੰ 36 ਘੰਟੇ 'ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਿਸ 'ਚ ਲਾਸ਼ ਦੀ ਪਛਾਣ ਛੁਪਾਉਣ ਲਈ ਕੱਪੜੇ 'ਚ ਲਪੇਟ ਕੇ ਪੱਥਰਾਂ ਨਾਲ ਮੂੰਹ 'ਤੇ ਕਈ ਵਾਰ ਕੀਤੇ ਗਏ ਸੀ। ਇਸ 'ਚ ਲੁਧਿਆਣਾ ਪੁਲਿਸ ਨੇ 36 ਘੰਟਿਆਂ ਵਿੱਚ ਮਾਮਲਾ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।(Ludhiana Crime News)
ਪੱਥਰ ਨਾਲ ਲਾਸ਼ 'ਤੇ ਕਈ ਵਾਰ: ਮਾਮਲਾ 2 ਅਕਤੂਬਰ ਦਾ ਹੈ, ਜਦੋਂ ਲੁਧਿਆਣਾ 'ਚ ਖੇਤਾਂ 'ਚੋਂ ਸਾਬਕਾ ਪੁਲਿਸ ਹੋਮਗਾਰਡ ਦੀ ਲਾਸ਼ ਮਿਲੀ ਸੀ। ਲਾਸ਼ ਦੀ ਹਾਲਤ ਇੰਨੀ ਖਰਾਬ ਸੀ ਕਿ ਉਸ ਦੀ ਸ਼ਨਾਖਤ ਕਰਨੀ ਵੀ ਮੁਸ਼ਕਿਲ ਸੀ। ਕਾਤਲ ਨੇ ਮ੍ਰਿਤਕ ਦੀ ਪਛਾਣ ਛੁਪਾਉਣ ਲਈ ਉਸ ਦੇ ਮੂੰਹ ’ਤੇ ਕੱਪੜੇ ਲਪੇਟ ਕੇ ਬੁਰੀ ਤਰਾਂ ਪੱਥਰ ਨਾਲ ਵਾਰ ਕੀਤੇ ਸਨ। ਇਸ 'ਚ ਲੁਧਿਆਣਾ ਪੁਲਿਸ ਨੇ ਮੁਸਤੈਦੀ ਨਾਲ ਨਾ ਸਿਰਫ ਲਾਸ਼ ਦੀ ਸ਼ਨਾਖ਼ਤ ਕੀਤੀ ਸਗੋਂ ਮੁਲਜ਼ਮਾਂ ਨੂੰ ਵੀ 36 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ।
ਕੂੰਮਕਲਾਂ ਦੇ ਖੇਤਾਂ ਵਿੱਚ ਮਿਲੀ ਸੀ ਲਾਸ਼: ਇਸ ਸਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਥਾਣਾ ਕੂੰਮਕਲਾਂ ਨੂੰ ਕਿਸੇ ਰਾਹਗੀਰ ਵੱਲੋਂ ਸੂਚਨਾ ਦਿੱਤੀ ਗਈ ਕਿ ਕੂੰਮਕਲਾਂ ਦੇ ਖੇਤਾਂ ਵਿੱਚ ਅੱਧ ਨੰਗੀ ਲਾਸ਼ ਪਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਅਤੇ ਪੂਰਨ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਨੇ ਮ੍ਰਿਤਕ ਹੋਮਗਾਰਡ ਤੋਂ ਵਿਆਜ ’ਤੇ ਪੈਸੇ ਲਏ ਸਨ। ਪੈਸੇ ਮੰਗਣ 'ਤੇ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ।
ਵਿਆਜ 'ਤੇ ਪੈਸੇ ਦੇਣ ਦਾ ਕੰਮ:ਪੁਲਿਸ ਕਮਿਸ਼ਨਰ ਮੁਤਾਬਿਕ ਮ੍ਰਿਤਕ ਸੈਲੇਸ਼ ਦੇ ਚਿਹਰੇ ਦੀ ਹਾਲਤ ਖਰਾਬ ਸੀ, ਉਸ ਦੀ ਪਹਿਚਾਣ ਕਰਨੀ ਵੀ ਮੁਸ਼ਕਿਲ ਸੀ। ਸੈਲੇਸ਼ 2006 ਵਿੱਚ ਪੰਜਾਬ ਪੁਲਿਸ ਹੋਮ ਗਾਰਡ ਤੋਂ ਸੇਵਾਮੁਕਤ ਹੋਇਆ ਸੀ। ਹੁਣ ਉਹ ਸਥਾਨਕ ਪੱਧਰ 'ਤੇ ਵਿਆਜ 'ਤੇ ਪੈਸੇ ਦੇਣ ਦਾ ਕੰਮ ਕਰਦਾ ਸੀ। ਦੋਵਾਂ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ, ਹਾਲਾਂਕਿ ਕਿੰਨੇ ਪੈਸੇ ਲੈਣੇ ਸਨ, ਇਸ ਦਾ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ। ਪੁਲਿਸ ਕਮਿਸ਼ਨਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਅੰਕੜੇ ਦਿੱਤੇ ਕਿ ਲੁਧਿਆਣਾ ਪੁਲਿਸ 302 ਦੇ ਹੁਣ ਤੱਕ 11 ਮਾਮਲੇ 12 ਤੋਂ 48 ਘੰਟਿਆਂ 'ਚ ਸੁਲਝਾ ਚੁੱਕੀ ਹੈ।