ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਵਾਪਰੇ ਦੋਹਰੇ ਕਤਲ ਕਾਂਡ ਦੀ ਗੁੱਥੀ ਨੂੰ ਲੁਧਿਆਣਾ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸਥਾਨਕ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨੀਂ ਥਾਣਾ ਸਦਰ ਅਧੀਨ ਪੈਂਦੇ ਡੇਅਰੀ ਫਾਰਮ ਸੂਆ ਰੋਡ ਪਿੰਡ ਬੁਲਾਰਾ ਵਿੱਚ ਇੱਕ ਦੋਹਰਾ ਕਤਲ ਕਾਂਡ ਵਾਪਰਿਆ ਸੀ। ਡੇਅਰੀ ਦੇ ਮਾਲਕ ਜੋਤਰਾਮ ਅਤੇ ਕੰਮ ਕਰਨ ਵਾਲੇ ਭਗਵੰਤ ਸਿੰਘ ਦੋਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਦੂਜੇ ਨੌਕਰ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦਾ ਨਾਮ ਗਿਰਧਾਰੀ ਲਾਲ ਹੈ।
ਗ੍ਰਿਫ਼ਤਾਰੀ ਮਨਸਾ ਦੇਵੀ ਦੇ ਮੰਦਿਰ ਤੋਂ: ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਗੇ ਕਿਹਾ ਕਿ ਮੁਲਜ਼ਮ ਨੂੰ ਹਰਿਦੁਆਰ ਨੇੜਿਓਂ ਕਾਬੂ ਕੀਤਾ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਮਨਸਾ ਦੇਵੀ ਦੇ ਮੰਦਿਰ ਤੋਂ ਹੋਈ ਹੈ। ਉਨ੍ਹਾਂ ਕਿਹਾ ਦੋਹਰਾ ਕਤਲਕਾਂਡ ਕਰਨ ਤੋਂ ਮਗਰੋਂ ਮੁਲਜ਼ਮ ਬਾਅਦ ਦੁਪਹਿਰ ਹਰਿਦੁਆਰ ਪੁੱਜ ਗਿਆ ਸੀ, ਪਰ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਲਗਾਤਾਰ ਲੱਭੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਲਈ ਇਸ ਨੂੰ ਗ੍ਰਿਫਤਾਰ ਕਰਨਾ ਵੱਡਾ ਚੈਲਿੰਜ ਸੀ ਕਿਉਂਕਿ ਮੁਲਜ਼ਮ ਕੋਲ ਨਾ ਤਾਂ ਕੋਈ ਮੋਬਾਇਲ ਸੀ ਅਤੇ ਨਾ ਹੀ ਕੋਈ ਉਸ ਦਾ ਪਤਾ ਸੀ। ਪੁਲਿਸ ਨੇ ਕਿਹਾ ਕਿ ਸਾਡੇ ਹੱਥ ਬਿਲਕੁਲ ਖਾਲੀ ਸੀ, ਪਰ ਆਖਿਰਕਾਰ ਪੁਲਿਸ ਨੇ ਇੱਕ ਚੰਗੀ ਟੀਮ ਬਣਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਸਾਡੇ ਲਈ ਬਹੁਤ ਮੁਸ਼ਕਿਲ ਕੰਮ ਸੀ ਕਿਉਂਕਿ ਸਾਡੇ ਕੋਲ਼ ਇਸਦਾ ਕੋਈ ਰਿਕਾਰਡ ਨਹੀਂ ਸੀ। ਉਨ੍ਹਾਂ ਕਿਹਾ ਕਿ ਬੱਸ ਚਾਲਕਾਂ ਨਾਲ ਗੱਲਬਾਤ ਕੀਤੀ ਅੰਬਾਲਾ ਅਤੇ ਯਮੁਨਾਨਗਰ ਜਾ ਕੇ ਇਸ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਤੋਂ ਮਗਰੋਂ ਸੀਸੀਟੀਵੀ ਫੁਟੇਜ ਕੱਢੀ ਗਈ ਅਤੇ ਪੁਲਿਸ ਨੇ ਮੁਲਜ਼ਮ ਨੂੰ ਲਗਭਗ 48 ਘੰਟੇ ਵਿੱਚ ਘਾਟ ਉੱਤੇ ਬੈਠੇ ਨੂੰ ਗ੍ਰਿਫਤਾਰ ਕਰ ਲਿਆ।