ਲੁਧਿਆਣਾ: ਪੁਲਿਸ ਨੇ ਬਿਤੇ ਦਿਨੀਂ ਹੋਏ ਕਤਲ ਦੇ ਕੇਸ ਨੂੰ ਸੁਲਝਾ ਲਿਆ ਹੈ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦੇਣ ਲਈ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਦਾਅਵਾ ਕੀਤਾ ਹੈ ਕਿ ਥਾਣਾ ਮੇਹਰਬਾਨ ਅਧੀਨ 19 ਸਤੰਬਰ 2019 ਨੂੰ ਪਿੰਡ ਕਡਿਆਣਾ ਕੋਲ ਬਿਜਲੀ ਦੇ ਖੰਭੇ ਕੋਲ ਇੱਕ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਦੀ ਤਫਤੀਸ਼ ਸਰਵੇਸ਼ ਕੁਮਾਰ ਵਜੋਂ ਹੋਈ ਹੈ। ਸਰਵੇਸ਼ ਦੀ ਉਮਰ ਲੱਗਭੱਗ 28 ਸਾਲ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਉਹ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਹੈ। ਮ੍ਰਿਤਕ ਲੁਧਿਆਣਾ ਦੀ ਇੱਕ ਨਿੱਜੀ ਫੈਕਟਰੀ ਵਿੱਚ ਲੇਬਰ ਦਾ ਕੰਮ ਕਰਦਾ ਸੀ ਜਿਸ ਦੇ ਕਤਲ ਦਾ ਕਾਰਨ ਸਾਥੀਆਂ ਤੋਂ ਉਧਾਰ ਪੈਸੇ ਮੰਗਣਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਵਿੱਚ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਬੜੀ ਮੁਸ਼ਕਲ ਨਾਲ ਹੋਈ ਹੈ ਕਿਉਂਕਿ ਦੋਨਾਂ ਕਾਤਲਾਂ ਨੇ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ।