ਪੰਜਾਬ

punjab

ETV Bharat / state

ਲੁਧਿਆਣਾ ਪੁਲਿਸ ਨੇ ਗੈਂਗਸਟਰ ਜਿੰਦੀ ਅਤੇ ਪੁਨੀਤ ਬੈਂਸ ਨੂੰ ਕੀਤਾ ਗ੍ਰਿਫ਼ਤਾਰ, ਦੋਵਾਂ ਕੋਲੋਂ ਵੱਡੀ ਗਿਣਤੀ 'ਚ ਅਸਲਾ ਬਰਾਮਦ

ਲੁਧਿਆਣਾ ਪੁਲਿਸ ਨੇ ਬੀ ਕੈਟਾਗਰੀ ਦੇ ਗੈਂਗਸਟਰ ਜਿੰਦੀ ਅਤੇ ਪੁਨੀਤ ਬੈਂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਮੁਲਜ਼ਮ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ ਅਤੇ ਇਹ ਦੋਵੇਂ ਪੁਲਿਸ ਨੂੰ ਲੰਮੇਂ ਸਮੇਂ ਤੋਂ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਸਨ।

Ludhiana police have arrested gangster Jindi and Puneet
ਲੁਧਿਆਣਾ ਪੁਲਿਸ ਨੇ ਗੈਂਗਸਟਰ ਜਿੰਦੀ ਅਤੇ ਪੁਨੀਤ ਬੈਂਸ ਨੂੰ ਕੀਤਾ ਗ੍ਰਿਫ਼ਤਾਰ, ਦੋਵਾਂ ਕੋਲੋਂ ਵੱਡੀ ਗਿਣਤੀ 'ਚ ਅਸਲਾ ਬਰਾਮਦ

By

Published : Jul 31, 2023, 7:59 PM IST

ਲੁਧਿਆਣਾ:ਜ਼ਿਲ੍ਹਾ ਪੁਲਿਸ ਨੇ ਅਖਿਰਕਾਰ ਲੰਮੀ ਜੱਦੋ-ਜਹਿਦ ਦੇ ਬਾਅਦ ਗੈਂਗਸਟਰ ਜਤਿੰਦਰ ਸਿੰਘ ਜਿੰਦੀ ਅਤੇ ਪੁਨੀਤ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਜਿੰਦੀ ਬੀ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਉਸ ਦੇ ਖ਼ਿਲਾਫ਼ ਪੰਜਾਬ ਭਰ ਦੇ ਵਿੱਚ ਕਤਲ ਸਣੇ 18 ਗੰਭੀਰ ਮੁਕੱਦਮੇ ਦਰਜ ਹਨ। ਜਦੋਂ ਕਿ ਪੁਨੀਤ ਉੱਤੇ 12 ਮਾਮਲੇ ਦਰਜ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਭਾਰੀ ਗਿਣਤੀ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਨੂੰ ਲੋੜੀਂਦੇ ਸਨ ਗੈਂਗਸਟਰ: ਸਾਰਾ ਵੇਰਵਾ ਦਿੰਦਿਆਂ ਪੁਲਿਸ ਨੇ ਕਿਹਾ ਕਿ ਜਿੰਦੀ ਕੋਲੋ 6 ਪਿਸਤੌਲ, ਇੱਕ ਦੇਸੀ ਕੱਟਾ, 44 ਰੌਂਦ ਅਤੇ 9 ਮੈਗਜ਼ੀਨ ਬਰਾਮਦ ਹੋਏ ਨੇ ਜਦੋਂ ਕਿ ਪੁਨੀਤ ਬੈਂਸ ਤੋਂ ਪੁਲਿਸ ਨੇ 2 ਪਿਸਤੌਲ, 5 ਰੌਂਦ ਅਤੇ 2 ਮੈਗਜ਼ੀਨ ਬਰਾਮਦ ਕੀਤੀਆਂ ਨੇ। ਪੁਲਿਸ ਮੁਤਾਬਿਕ ਮੁਲਜ਼ਮ ਜਿੰਦੀ ਦੀ ਉਮਰ 42 ਸਾਲ ਅਤੇ ਬੈਂਸ ਦੀ 30 ਸਾਲ ਦੇ ਕਰੀਬ ਹੈ। ਜਿੰਦੀ ਦੀ ਭਾਲ ਲੁਧਿਆਣਾ ਪੁਲਿਸ ਬੀਤੇ ਕੁੱਝ ਸਮੇਂ ਪਹਿਲਾਂ ਹੋਏ ਗੈਂਗਸਟਰ ਦੇ ਕਤਲ ਮਾਮਲੇ ਵਿੱਚ ਵੀ ਕਰ ਰਹੀ ਸੀ, ਜਿੰਦੀ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਪੋਸਟ ਪਾਕੇ ਖੁਦ ਨੂੰ ਬੇਕਸੂਰ ਦੱਸਿਆ ਸੀ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਨੂੰ ਉਹ ਵੱਡੀ ਕਾਮਯਾਬੀ ਵਜੋਂ ਵੇਖ ਰਹੇ ਨੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੀ ਆਈ ਏ ਸਟਾਫ ਦੀ ਚੰਗੀ ਕਾਰਗੁਜ਼ਾਰੀ ਦੇ ਚੱਲਦਿਆਂ ਮੁਲਜ਼ਮ ਨੂੰ ਕਾਬੂ ਕਰਨਾ ਸੰਭਵ ਹੋ ਸਕਿਆ ਹੈ।

ਮੁਲਜ਼ਮਾਂ ਕੋਲੋਂ ਅਸਲਾ ਬਰਾਮਦ:ਪੁਲਿਸ ਨੇ ਗੈਂਗਸਟਰ ਜਿੰਦੀ ਨੂੰ ਲੁਧਿਆਣਾ ਦੀ 33 ਫੁੱਟ ਰੋਡ ਤੋਂ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਗੈਂਗਸਟਰ ਕੋਲੋਂ ਜੋ ਅਸਲਾ ਬਰਾਮਦ ਕੀਤਾ ਗਿਆ ਹੈ ਉਹ ਉਸ ਨੇ ਆਪਣੇ ਕਰੀਬੀਆਂ ਨੂੰ ਸਪਲਾਈ ਕਰਨਾ ਸੀ। 9 ਮਹੀਨੇ ਪਹਿਲਾਂ ਵੀ ਲੁਧਿਆਣਾ ਪੁਲਿਸ ਦੇ ਹੱਥ ਲੱਗਦੇ-ਲੱਗਦੇ ਜਿੰਦੀ ਬਚ ਗਿਆ ਸੀ। ਜਗਰਾਓਂ ਪੁਲ ਨੇੜੇ ਲਾਏ ਨਾਕੇ ਉੱਤੇ ਉਸ ਨੇ ਪੁਲਿਸ ਉੱਤੇ ਫਾਇਰਿੰਗ ਕੀਤੀ ਸੀ ਅਤੇ ਪੁਲਿਸ ਉੱਤੇ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਉਹ ਬਚ ਨਿਕਲਿਆ ਸੀ। ਲੁਧਿਆਣਾ ਪੁਲਿਸ ਕਾਫੀ ਸਮੇਂ ਤੋਂ ਉਸ ਨੂੰ ਕਾਬੂ ਕਰਨ ਲਈ ਕੋਸ਼ਿਸ਼ ਕਰ ਰਹੀ ਸੀ ਜਿਸ ਵਿੱਚ ਹੁਣ ਸਫਲਤਾ ਮਿਲੀ ਹੈ।

ABOUT THE AUTHOR

...view details