ਲੁਧਿਆਣਾ: ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪੁਲਿਸ ਕਮਿਸ਼ਨ ਦਫਤਰ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਹੈ। ਲੋਕਾਂ ਨੂੰ ਆਪਣੀ ਸ਼ਿਕਾਇਤ ਅਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਪੁਲਿਸ ਕਮਿਸ਼ਨਰ ਦਫਤਰ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਪਵੇਗੀ। ਲੋਕ ਆਪਣੀ ਸ਼ਿਕਾਇਤ ਅਤੇ ਸਮੱਸਿਆ ਘਰ ਬੈਠੇ ਹੀ ਪੁਲਿਸ ਕਮਿਸ਼ਨਰ ਨੂੰ ਦੱਸ ਸਕਦੇ ਹਨ, ਜਿਸ ਲਈ ਪੁਲਿਸ ਕਮਿਸ਼ਨਰ ਵੱਲੋਂ ਨਵਾਂ ਸਿਸਟਮ ਸ਼ੁਰੂ ਕੀਤਾ ਗਿਆ ਹੈ।
ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਦਾ ਉਪਰਾਲਾ ਇਸ ਵਿੱਚ ਲੋਕਾਂ ਨੂੰ ਵੀਡੀਓ ਕਾਲਿੰਗ ਜ਼ਰੀਏ ਪੁਲਿਸ ਕਮਿਸ਼ਨਰ ਨੂੰ ਆਪਣੀ ਸਮੱਸਿਆ ਅਤੇ ਸ਼ਿਕਾਇਤ ਦੱਸਣੀ ਜੋਵੇਗੀ ਅਤੇ ਇਸ ਲਈ ਉਨ੍ਹਾਂ ਵੱਲੋਂ ਇੱਕ ਈਮੇਲ cp.police.punjab.gov. in ਜਾਰੀ ਕੀਤੀ ਗਈ ਹੈ। ਇਸ ਈਮੇਲ 'ਤੇ ਵੀਡੀਓ ਕਾਲਿੰਗ ਕਰਕੇ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ। ਕੋਰੋਨਾ ਮਹਾਂਮਾਰੀ ਦੇ ਦੌਰਾਨ ਇਸ ਕਿਸਮ ਦੀ ਤਕਨੀਕ ਦੀ ਵਰਤੋਂ ਦੀ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾਂਦੀ ਹੈ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਉਨ੍ਹਾਂ ਇਹ ਨਵਾਂ ਸਿਸਟਮ ਬਣਵਾਇਆ ਹੈ ਜਿਸ ਰਾਹੀਂ ਲੋਕ ਆਪਣੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਉਨ੍ਹਾਂ ਨੂੰ ਘਰੋਂ ਹੀ ਦੱਸ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਸਿਰਫ ਇਸ ਈਮੇਲ ਆਈ.ਡੀ. 'ਤੇ ਵੀਡੀਓ ਕਾਲਿੰਗ ਕਰਨੀ ਪਵੇਗੀ ਜਿਥੇ ਉਹ ਖੁਦ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਸੁਣਨਗੇ ਅਤੇ ਉਨ੍ਹਾਂ ਦਾ ਹੱਲ ਵੀ ਕਰਨਗੇ। ਇੱਥੋਂ ਤੱਕ ਕਿ ਫਾਈਲਾਂ ਵੀ ਈ-ਮਾਰਕਿੰਗ ਵੀ ਕੀਤੀ ਜਾਵੇਗੀ ਜਿਸ ਨਾਲ ਕਾਗਜ਼ ਦੀ ਬਚਤ ਵੀ ਹੋਵੇਗੀ।
ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਦੇ ਸਮੇਂ ਆਪਣੀਆਂ ਸਮੱਸਿਆਵਾਂ ਪੁਲਿਸ ਨੂੰ ਆਨਲਾਈਨ ਹੀ ਦੱਸਣ। ਕਿਉਂਕਿ ਹੁਣ ਤੱਕ 300 ਤੋਂ ਵੱਧ ਪੁਲਿਸ ਮੁਲਾਜ਼ਮ ਕੋਰੋਨਾ ਨਾਲ ਸੰਕਰਮਿਤ ਹੋ ਚੁਕੇ ਹਨ, ਇਸ ਲਈ ਇਹ ਜਨਤਾ ਅਤੇ ਪੁਲਿਸ ਦੋਵਾਂ ਚੰਗਾ ਉਪਰਾਲਾ ਸਾਬਿਤ ਹੋ ਸਕਦਾ ਹੈ।
ਸ਼ਿਕਾਇਤ ਲੈ ਕੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਵੱਲੋਂ ਇਸ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ ਕਿਉਂਕਿ ਇਸ ਨਾਲ ਲੋਕ ਘਰ ਬੈਠੇ ਹੀ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਨਿਪਟਾਰਾ ਕਰਵਾ ਸਕਣਗੇ। ਇਸ ਨਾਲ ਉਨ੍ਹਾਂ ਦਾ ਕਾਫ਼ੀ ਸਮਾਂ ਵੀ ਬਚੇਗਾ ਅਤੇ ਕੋਰੋਨਾ ਦੀ ਚੇਨ ਨੂੰ ਵੀ ਤੋੜਨ ' ਚ ਵੀ ਕਾਰਗਰ ਸਾਬਤ ਹੋ ਸਕਦਾ ਹੈ।