ਲੁਧਿਆਣਾ: ਪੰਜਾਬ 'ਚ ਪਤੰਗ ਉਡਾਉਣ ਦੇ ਸੀਜ਼ਨ ਦੌਰਾਨ ਚਾਈਨਾ ਡੋਰ ਦੀ ਅੰਨ੍ਹੇਵਾਹ ਵਿੱਕਰੀ ਹੋ ਰਹੀ ਹੈ। ਜਿਸ ਕਾਰਨ ਪਸ਼ੂ-ਪੰਛੀ ਵੀ ਲਗਾਤਾਰ ਇਸ ਦਾ ਸ਼ਿਕਾਰ ਹੋ ਰਹੇ ਹਨ। ਪਰ ਫਿਰ ਵੀ ਇਹ ਅੰਨ੍ਹੇਵਾਹ ਵਿਕ ਰਹੀ ਹੈ। ਜਿਸ 'ਤੇ ਇਕ ਦਰਜਨ ਤੋਂ ਲੈ ਕੇ 100 ਗੱਟੂ ਦੀ ਬਰਮਦਗੀ ਹੋ ਰਹੀ ਹੈ ਪਰ ਲੱਗਦਾ ਹੈ ਇਸ ਦੇ ਪਿੱਛੇ ਕਿੰਗ ਪਿੰਨ ਕੌਣ-ਕੌਣ ਹੈ, ਇਸ ਦਾ ਪਰਦਾਫਾਸ਼ ਲੁਧਿਆਣਾ ਪੁਲਿਸ ਨਹੀਂ ਕਰ ਪਾ ਰਹੀ ਹੈ।
ਨਵੇਂ ਸਾਲ ਦੇ ਪ੍ਰਬੰਧਾਂ ਉਤੇ ਜ਼ਿਆਦਾ ਧਿਆਨ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਪਰਾਧ ਦੇ ਮਾਮਲੇ 'ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬੇਸ਼ੱਕ ਆਪਣੀ ਪਿੱਠ ਥਪਥਪਾਈ ਕਰ ਰਹੇ ਹਨ। ਪਰ ਜਦੋਂ ਉਨ੍ਹਾਂ ਨੂੰ ਚਾਈਨਾ ਡੋਰ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਮੁਹਿੰਮ ਚਲਾਵਾਂਗੇ| ਪਹਿਲਾਂ ਅਸੀਂ ਨਵੇਂ ਸਾਲ 'ਤੇ ਸੁਰੱਖਿਆ ਦੇ ਪ੍ਰਬੰਧ ਕਰਾਂਗੇ। ਉਸ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ।
ਪੱਤਰਕਾਰ ਦੇ ਸਵਾਲ ਨੂੰ ਪੁਲਿਸ ਕਮਿਸ਼ਨਰ ਨੇ ਦੱਸਿਆ ਬੇਕਾਰ:ਇੰਨਾ ਹੀ ਨਹੀਂ ਜਦੋਂ ਸਾਡੇ ਪੱਤਰਕਾਰ ਵੱਲੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਕਿੰਗਪਿਨ ਵੀ ਫੜੇ ਜਾਣਗੇ ਜਾਂ ਸਿਰਫ ਛੋਟੇ ਦੁਕਾਨਦਾਰ 'ਤੇ ਹੀ ਪਰਚੇ ਹੋਣਗੇ, ਤਾਂ ਉਨ੍ਹਾਂ ਕਿਹਾ ਇਹ ਵੀ ਕੋਈ ਸਵਾਲ ਹੈ। ਅਸੀਂ ਕਿੰਗਪਿਨ ਨੂੰ ਹੀ ਫੜਾਂਗੇ, ਪਰ ਅੰਕੜੇ ਕੁਝ ਹੋਰ ਦੱਸ ਰਹੇ ਹਨ। ਇਹ ਸਵਾਲ ਸੁਣ ਕੇ ਉਨ੍ਹਾਂ ਨਜ਼ਰਅੰਦਾਜ਼ ਕਰਦਿਆਂ ਧੰਨਵਾਦ ਕਹਿ ਦਿੱਤਾ ਅਤੇ ਉੱਠ ਕੇ ਚਲੇ ਗਏ।