ਲੁਧਿਆਣਾ ਪੁਲਿਸ ਨੇ ਮੁਲਜ਼ਮ ਕੀਤੇ ਕਾਬੂ ਲੁਧਿਆਣਾ:ਪਿਛਲੇ ਦਿਨੀਂ ਲੁਧਿਆਣਾ 'ਚ ਸੁਨਿਆਰੇ ਤੋਂ ਹੋਈ ਲੁੱਟ ਦੇ ਮਾਮਲੇ ਨੂੰ ਪੁਲਿਸ ਵਲੋਂ ਵਾਰਦਾਤ ਨੂੰ ਸੁਲਝਾਉਂਣ ਦਾ ਦਾਅਵਾ ਕੀਤਾ ਗਿਆ ਹੈ। ਜਿਸ 'ਚ ਲੁਧਿਆਣਾ ਪੁਲਿਸ ਨੇ ਵਾਰਦਾਤ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹਨਾਂ ਕੋਲੋਂ ਲੁੱਟ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ, ਜਿਸ ਦੇ ਵਿੱਚ 10 ਤੋਲੇ ਦੇ ਕਰੀਬ ਸੋਨਾ, 27 ਤੋਲੇ ਦੇ ਕਰੀਬ ਚਾਂਦੀ ਸਮੇਤ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ, ਇੱਕ ਖਿਡੋਣਾ ਪਿਸਤੋਲ ਅਤੇ ਇੱਕ ਚਾਕੂ ਵੀ ਬਰਾਮਦ ਕੀਤਾ ਹੈ। (Ludhiana Police News)
ਚਾਰ ਦਿਨਾਂ 'ਚ ਮਾਮਲਾ ਕੀਤਾ ਪੁਲਿਸ ਨੇ ਹੱਲ:ਦੱਸਿਆ ਜਾ ਰਿਹਾ ਹੈ ਕਿ ਲੁੱਟ ਹੋਇਆ ਕੁੱਲ 14.5 ਤੋਲੇ ਦੇ ਕਰੀਬ ਸੋਨਾ ਸੀ, ਜਿਸ 'ਚੋਂ 10 ਤੋਲੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਇਹ ਨੌਜਵਾਨ ਨਸ਼ੇ ਦੇ ਆਦੀ ਹਨ ਜਾਂ ਨਹੀਂ ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਮੁਲਜ਼ਮਾਂ ਨੇ ਬੜੇ ਹੀ ਛਾਤਰ ਢੰਗ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਕੱਪੜੇ ਫੂਕ ਦਿੱਤੇ ਸਨ ਪਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ 4 ਦਿਨਾਂ ਦੇ ਵਿੱਚ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਇਆ ਹੈ।
ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ:ਉਧਰ ਦੂਜੇ ਪਾਸੇ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਛੇ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜੋ ਕਿ ਸਨੈਚਿੰਗ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸਨ। ਜਿੰਨਾ ਦੇ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਹੈ। ਪੁਲਿਸ ਨੇ ਇਹਨਾਂ ਕੋਲੋਂ ਦੋ ਮੋਟਰਸਾਈਕਲ, ਦੋ ਮੋਬਾਇਲ ਫੋਨ, ਇੱਕ ਕਿਰਚ ਵੀ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਇਹਨਾਂ ਸਾਰਿਆਂ 'ਤੇ ਹੀ ਵੱਖ-ਵੱਖ ਵਾਰਦਾਤਾਂ 'ਚ ਸ਼ਾਮਲ ਹੋਣ ਦੇ ਚੱਲਦਿਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਇਸ ਨੂੰ ਲੈਕੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਸਬੰਧੀ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ।
ਵੱਖ-ਵੱਖ ਕੇਸਾਂ ਦੇ 6 ਮੁਲਜ਼ਮ ਕਾਬੂ:ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਜਿਸ ਦੇ ਤਹਿਤ 6 ਸਨੈਚਰਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਸਾਡਾ ਰਿਕਾਰਡ ਰਿਹਾ ਹੈ ਕਿ ਅਸੀਂ ਜਿਆਦਾ ਦੇਰ ਕਿਸੇ ਮੁਲਜ਼ਮ ਨੂੰ ਬਚਣ ਦਾ ਮੌਕਾ ਨਹੀਂ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਟੀਮ ਚੰਗਾ ਕੰਮ ਕਰ ਰਹੀ ਹੈ ਅਤੇ ਬੇਸ਼ੱਕ ਮੁਲਜ਼ਮ ਨੂੰ ਫੜਨ 'ਚ ਕੁਝ ਦੇਰ ਹੋ ਸਕਦੀ ਹੈ ਪਰ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦਾ।