ਲੁਧਿਆਣਾ : ਲੁਧਿਆਣਾ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਪੂਰੀ ਯੋਜਨਾ ਬਣਾ ਕੇ ਲੁਧਿਆਣਾ ਗਿੱਲ ਨੇੜੇ ਕੈਂਡ ਪੁਲ ਕੋਲੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਸੁਨੀਲ ਕੁਮਾਰ ਨਾਂ ਦੇ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗੀ ਗਈ ਹੈ। ਫਿਰੌਤੀ ਮੰਗਣ ਵਾਲੇ ਖੁਦ ਨੂੰ ਗੈਂਗਸਟਰ ਕਹਿ ਰਹੇ ਹਨ। ਇਸਦੇ ਨਾਲ ਹੀ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਫਿਰੌਤੀ ਮੰਗਣ ਵਾਲਿਆਂ ਨੇ ਕਿਹਾ ਹੈ ਕਿ ਜੇਕਰ ਉਸਨੇ ਮੰਗੇ ਪੈਸੇ ਨਾ ਦਿੱਤੇ ਤਾਂ ਉਸਦੇ ਸਰੀਰ ਵਿੱਚ ਪਿੱਤਲ ਭਰ ਦਿੱਤਾ ਜਾਵੇਗਾ ਤੇ ਇਹ ਸਾਰੀ ਜਿੰਦਗੀ ਯਾਦ ਰਹੇਗਾ। ਇਸ ਤੋਂ ਬਾਅਦ ਖੌਫਜ਼ਦਾ ਪੀੜਤ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਕਮਿਸ਼ਨਰ ਨੇ ਖੁਦ ਮੌਕੇ ਉੱਤੇ ਜਾ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
5 ਲੱਖ ਮੰਗੀ ਗਈ ਸੀ ਫਿਰੌਤੀ:ਪੀੜਤ ਸੁਨੀਲ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਪੰਜ ਲੱਖ ਰੁਪਏ ਦੀ ਫਿਰੌਤੀ ਮੰਗ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਸਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੁਲਿਸ ਕਮਿਸ਼ਨਰ ਨੇ ਖੁਦ ਉਸ ਨਾਲ ਗੱਲਬਾਤ ਕੀਤੀ ਅਤੇ ਪੂਰਾ ਜਾਲ ਵਿਛਾਇਆ ਤਾਂ ਜੋ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਪੀੜਤ ਨੇ ਦੱਸਿਆ ਕਿ ਉਸਨੇ ਗੈਂਗਸਟਰਾਂ ਨੂੰ ਇਹ ਕਿਹਾ ਕਿ ਉਹ ਪੰਜ ਲੱਖ ਰੁਪਏ ਤਾਂ ਨਹੀਂ ਦੇ ਸਕਦਾ ਤਾਂ ਉਸਦੀ ਗੈਂਗਸਟਰਾਂ ਨਾਲ ਡੇਢ ਲੱਖ ਰੁਪਏ ਵਿਚ ਗੱਲ ਤੈਅ ਹੋ ਗਈ। ਫਿਰੌਤੀ ਮੰਗਣ ਵਾਲਿਆਂ ਨੂੰ ਉਸਨੂੰ ਸੁੰਨਸਾਨ ਜਗ੍ਹਾ ਬੁਲਾਇਆ ਤੇ ਉਸ ਕੋਲੋਂ ਡੇਢ ਲੱਖ ਰੁਪਏ ਲੈ ਕੇ ਚਲੇ ਗਏ। ਪਰ ਪਹਿਲਾਂ ਤੋਂ ਹੀ ਮੁਸਤੈਦ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਪੈਸਿਆਂ ਸਣੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।