ਲੁਧਿਆਣਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ ਲੁਧਿਆਣਾ:ਸੂਬੇ 'ਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਜਿਸ 'ਚ ਪੁਲਿਸ ਵਲੋਂ ਇੰਨਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਹਰ ਸੰਭਣ ਕਦਮ ਚੁੱਕੇ ਜਾ ਰਹੇ ਹਨ। ਦੇਰ ਸਵੇਰ ਪੁਲਿਸ ਇੰਨ੍ਹਾਂ ਮੁਲਜ਼ਮਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟ ਰਹੀ ਹੈ। ਇਸ ਵਿਚਾਲੇ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਵਲੋਂ ਦਰਜਨਾਂ ਤੋਂ ਵੱਧ ਕੇਸਾਂ 'ਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਬੇਸ਼ੱਕ ਪੁਲਿਸ ਤੋਂ ਬਚਣ ਲਈ ਮੁਲਜ਼ਮਾਂ ਨੇ ਕੋਠੇ ਤੋਂ ਛਾਲ ਤਾਂ ਮਾਰੀ ਪਰ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ।
ਚੋਰੀ ਅਤੇ ਲੁੱਟ ਖੋਹਾਂ ਕਰਨ ਵਾਲੇ ਦੋ ਕਾਬੂ: ਇਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਵੱਲੋਂ ਅੱਜ ਇਕ ਪ੍ਰੈੱਸ ਕਾਨਫਰੰਸ ਕਰਕੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਨਿਤਿਨ ਅਤੇ ਸੁਮੇਰ ਵਜੋਂ ਹੋਈ ਹੈ। ਇਹ ਦੋਵੇਂ ਹੁਣ ਤੱਕ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ ਨੇ ਲੁਧਿਆਣਾ ਹੀ ਨਹੀਂ ਸਗੋਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਕਈ ਗੁਆਂਢੀ ਸੂਬਿਆਂ ਵਿੱਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇੱਥੋਂ ਤੱਕ ਕਿ ਨਿਤਿਨ ਨਾਮ ਦੇ ਮੁਲਜ਼ਮ 'ਤੇ ਕਤਲ ਦਾ ਇਲਜ਼ਾਮ ਵੀ ਹੈ।
ਪੁਲਿਸ ਤੋਂ ਬਚਣ ਲਈ ਕੋਠੇ ਤੋਂ ਮਾਰੀ ਛਾਲ:ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਨਿਤਿਨ 'ਤੇ 18 ਜਦਕਿ ਸੁਮੇਰ 'ਤੇ 16 ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇੰਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਘੇਰਾਬੰਦੀ ਕੀਤੀ ਤਾਂ ਉਹ ਭੱਜਣ ਲਈ ਇੱਕ ਘਰ ਵਿੱਚ ਲੁਕ ਗਏ ਅਤੇ ਜਦੋਂ ਪੁਲਿਸ ਨੇ ਇੰਨ੍ਹਾਂ ਨੂੰ ਘੇਰ ਲਿਆ ਤਾਂ ਦੋਵਾਂ ਨੇ ਪੁਲਿਸ ਤੋਂ ਬਚਣ ਲਈ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਦੋਵਾਂ 'ਤੇ ਦਰਜਨਾਂ ਮਾਮਲੇ ਦਰਜ:ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਦੋਵਾਂ ਦਾ ਪਹਿਲਾਂ ਇਲਾਜ ਕਰਵਾਇਆ ਹੈ, ਜਿਸ 'ਚ ਇਕ ਦੀ ਲੱਤ 'ਤੇ ਪਲਾਸਟਰ ਕੀਤਾ ਗਿਆ ਹੈ ਅਤੇ ਦੂਜੇ ਦੇ ਹੱਥ 'ਤੇ ਪਲਸਤਰ ਲੱਗਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਇੱਕ ਵੱਡੀ ਸਫਲਤਾ ਮਿਲੀ ਹੈ ਕਿਉਂਕਿ ਪਿਛਲੇ ਦਿਨੀਂ ਇਨ੍ਹਾਂ ਵਲੋਂ ਸਨੈਚਿੰਗ ਦੀਆਂ ਪੰਜ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਮਹਿਲਾਵਾਂ ਨੂੰ ਬਣਾਉਂਦੇ ਸੀ ਸ਼ਿਕਾਰ: ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਦੋਵੇਂ ਹੀ ਮੁਲਜ਼ਮ ਜ਼ਿਆਦਾਤਰ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪਹਿਲਾਂ ਉਨ੍ਹਾਂ ਨੂੰ ਸੱਟਾਂ ਮਾਰਦੇ ਸਨ ਅਤੇ ਫਿਰ ਉਨ੍ਹਾਂ ਤੋਂ ਗਹਿਣੇ ਆਦਿ ਚੋਰੀ ਕਰਕੇ ਭੱਜ ਜਾਂਦੇ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਇਹ ਦੋਵੇਂ ਹੀ ਕਾਫ਼ੀ ਛਾਤਿਰ ਕਿਸਮ ਦੇ ਮੁਲਜ਼ਮ ਹਨ ਅਤੇ ਕਈ ਸੂਬਿਆਂ ਦੇ ਵਿੱਚ ਭਗੌੜੇ ਕਰਾਰ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਅਸੀਂ ਇਹਨਾਂ ਦੀ ਹੋਰ ਵੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।