ਲੁਧਿਆਣਾ: ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੇ ਗਏ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਲੁਧਿਆਣਾ ਤੋਂ ਇੱਕ ਤੋਂ ਬਾਅਦ ਇੱਕ ਲਿੰਕ ਸਾਹਮਣੇ ਆ ਰਿਹਾ ਹੈ। ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਸਤਬੀਰ ਸਿੰਘ ਦੀ ਨਿਸ਼ਾਨਦੇਹੀ ’ਤੇ ਹੁਣ ਲੁਧਿਆਣਾ ਪੁਲਿਸ ਵੱਲੋਂ ਮੌਜੂਦਾ ਬੀਡੀਪੀਓ ਪੋਸਟ ’ਤੇ ਤਾਇਨਾਤ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਹੈ ਅਤੇ ਉਸ ਦਾ ਦੋ ਦਿਨ ਦਾ ਰਿਮਾਂਡ ਵੀ ਪੁਲਿਸ ਨੇ ਹਾਸਿਲ ਕਰ ਲਿਆ ਹੈ।
ਸਿੱਧੂ ਮੂਸੇ ਵਾਲੇ ਦੇ ਕਤਲ ਮਾਮਲੇ ਵਿੱਚ ਜਿੰਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਉਨ੍ਹਾਂ ਵਿੱਚੋਂ ਕਈ ਹਥਿਆਰ ਲੁਧਿਆਣਾ ਤੋਂ ਬਠਿੰਡਾ ਪਹੁੰਚਾਉਣ ਦੇ ਮਾਮਲੇ ਵਿੱਚ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਨੂੰ ਵੱਡੀ ਕਾਮਯਾਬੀ ਦੇ ਰੂਪ ਵਿੱਚ ਪੁਲਿਸ ਵੇਖ ਰਹੀ ਹੈ। ਸੰਦੀਪ ਸਿੰਘ ਦੀ ਫਾਰਚੂਨਰ ਕਾਰ ਦੇ ਵਿੱਚ ਹਥਿਆਰਾਂ ਦੀ ਸਪਲਾਈ ਦਾ ਪੁਲਿਸ ਨੂੰ ਸ਼ੱਕ ਹੈ ਜਿਸ ਕਰਕੇ ਪੁਲਿਸ ਮੁਲਜ਼ਮ ਦੀ ਭਾਲ ਕਾਫੀ ਸਮੇਂ ਤੋਂ ਕਰ ਰਹੀ ਸੀ ਅਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਲੁਧਿਆਣਾ ਪੁਲਿਸ ਦੇ ਸਪੈਸ਼ਲ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੰਦੀਪ ਸਿੰਘ ਕਾਹਲੋਂ ਬੀਡੀਪੀਓ ਅਹੁਦੇ ’ਤੇ ਤੈਨਾਤ ਹੈ ਅਤੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੰਦੀਪ ਨੇ ਹੀ ਸਤਬੀਰ ਸਿੰਘ ਨੂੰ ਮਨਦੀਪ ਅਤੇ ਮਨਪ੍ਰੀਤ ਅਤੇ ਉਸਦੇ ਇੱਕ ਤੀਜੇ ਸਾਥੀ ਨੂੰ ਬਠਿੰਡਾ ਛੱਡਣ ਲਈ ਕਿਹਾ ਸੀ। ਸਤਬੀਰ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਬੈਠੇ ਨੌਜਵਾਨ ਸ਼ਾਰਪ ਸ਼ੂਟਰ ਹਨ ਅਤੇ ਜੱਗੂ ਭਗਵਾਨਪੁਰੀਏ ਦੇ ਨਾਲ ਉਨ੍ਹਾਂ ਦੇ ਸਬੰਧ ਹਨ।