ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਲੁਧਿਆਣਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਕਰਨ ਲਈ ਪੁਲਿਸ ਪ੍ਰਸ਼ਾਸਨ ਅਲਰਟ ਉੱਤੇ ਹੈ। ਇਸੇ ਤਹਿਤ ਹੀ ਲੁਧਿਆਣਾ ਪੁਲਿਸ ਨੇ ਜਿੰਦੀ ਗਰੁੱਪ ਨਾਲ ਸਬੰਧਤ 5 ਮੁਲਜ਼ਮਾਂ ਨੂੰ ਨਸ਼ੇ ਦੀ ਤਸਕਰੀ, ਸੱਟੇਬਾਜ਼ੀ ਤੇ ਹਥਿਆਰਾਂ ਦੀ ਰਿਕਵਰੀ ਵਿਚ ਕਾਬੂ ਕੀਤਾ ਹੈ। ਜਿਹਨਾਂ ਕੋਲੋ ਪੁਲਿਸ ਨੇ ਲੱਖਾਂ ਦੀ ਡਰੱਗ ਮਨੀ ਤੇ ਹਥਿਆਰ ਬਰਾਮਦ ਕੀਤੇ ਹਨ।
ਪੁਲਿਸ ਵੱਲੋਂ ਬਰਾਮਦ ਸਮੱਗਰੀ:-ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦਿਆ ਦੱਸਿਆ ਕਿ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਵੱਲੋਂ ਇਨ੍ਹਾਂ 5 ਮੁਲਜ਼ਮਾਂ ਕੋਲੋਂ 12 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ, 525 ਗ੍ਰਾਮ ਹੈਰੋਇਨ, 4 ਪਿਸਤੌਲ 32 ਬੋਰ, ਇਕ 12 ਬੋਰ, 12 ਜਿੰਦਾ ਕਾਰਤੂਸ ਅਤੇ ਦੋ ਟੈਲੀਫੋਨ ਐਕਸਚੇਂਜ ਬਰਾਮਦ ਕੀਤੀਆਂ ਹਨ ਜੋ ਕਿ ਸੱਟੇਬਾਜ਼ੀ ਦੇ ਲਈ ਵਰਤੀ ਜਾ ਰਹੀ ਸੀ। ਲੁਧਿਆਣਾ ਪੁਲਿਸ ਵੱਲੋਂ ਇਨ੍ਹਾਂ ਸਾਰੇ ਹੀ ਮਾਮਲਿਆਂ ਦੇ ਵਿੱਚ ਵੱਖ-ਵੱਖ ਐਫ.ਆਈ.ਆਰ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਗ੍ਰਿਫ਼ਤਾਰ ਬਦਮਾਸ਼ਾਂ ਦੀ ਦਿੱਤੀ ਪੂਰੀ ਜਾਣਕਾਰੀ:- ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾ ਮਾਮਲਾ 6 ਮਾਰਚ 2020 ਦਾ ਹੈ, ਜਿਸ ਵਿੱਚ ਮੁਲਜ਼ਮ ਮਨਿੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਗੈਂਗਸਟਰ ਜਿੰਦੀ ਦਾ ਭਤੀਜਾ ਹੈ। ਉਸ ਕੋਲੋਂ ਇਕ 12 ਬੋਰ ਡਬਲ ਗੰਨ ਅਤੇ 18 ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਦੂਜਾ ਮਾਮਲਾ ਅਖਿਲ ਸਬਰਵਾਲ ਉਰਫ ਪ੍ਰਿੰਸ ਨਾਲ ਸਬੰਧਤ ਹੈ, ਜਿਸ ਨੂੰ ਕਿ ਲੁਧਿਆਣਾ ਪੁਲਿਸ ਵੱਲੋਂ 260 ਗ੍ਰਾਮ ਹੈਰੋਇਨ ਦੇ ਨਾਲ 11 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 2 ਦੇਸੀ ਪਿਸਤੌਲ 32ਬੋਰ, 6 ਜਿੰਦਾ ਰੋਂਦ 32 ਬੋਰ, ਇੱਕ ਇਲੈਕਟ੍ਰੋਨਿਕ ਕੰਢਾ ਵੀ ਬਰਾਮਦ ਕੀਤਾ ਗਿਆ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤੀਜੇ ਮਾਮਲੇ ਵਿਚ ਪੁਲਿਸ ਵੱਲੋਂ 2 ਮੁਲਜ਼ਮ ਗੌਰਵ ਡਾਂਗ ਤੇ ਸੁਖਜਿੰਦਰ ਸਿੰਘ ਉਰਫ਼ ਛੋਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ 265 ਗ੍ਰਾਮ ਹੈਰੋਇਨ 1 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ 2 ਦੇਸੀ ਪਿਸਤੌਲ ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਚੌਥਾ ਮਾਮਲਾ ਸੱਟੇਬਾਜ਼ੀ ਦਾ ਹੈ, ਜਿਸ ਵਿਚ ਪੁਲਿਸ ਵੱਲੋਂ ਪਰਮਜੀਤ ਸਿੰਘ ਉਰਫ ਪੰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮੁਲਜ਼ਮ ਸੱਟੇਬਾਜ਼ੀ ਦਾ ਕੰਮ ਕਰ ਰਿਹਾ ਸੀ ਅਤੇ ਲੁਧਿਆਣਾ ਦੀ ਗੋਲਡਨ ਐਵੀਨਿਊ ਦਾ ਵਸਨੀਕ ਹੈ। ਮੁਲਜ਼ਮ ਦੇ ਕੋਲੋਂ ਦੋ ਟੈਲੀਫੋਨ ਐਕਸਚੇਂਜ ਬਰਾਮਦ ਕੀਤੀਆਂ ਗਈਆਂ ਹਨ, ਜੋ ਕਿ ਇਹ ਸੱਟੇਬਾਜ਼ੀ ਦੇ ਵਿੱਚ ਵਰਤਦਾ ਸੀ। ਇਸ ਤੋਂ ਇਲਾਵਾ 4 ਲੱਖ ਰੁਪਿਆ ਨਗਦੀ ਵੀ ਬਰਾਮਦ ਕੀਤੀ ਗਈ ਹੈ, ਜਿਸ ਦਾ ਸਬੰਧ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਸੱਟੇਬਾਜ਼ੀ ਨਾਲ ਦੱਸਿਆ ਹੈ।