ਲੁਧਿਆਣਾ: ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਤੋਂ 16 ਚੋਰੀ ਦੇ ਮੋਟਰਸਾਈਕਲ, ਇੱਕ ਦੇਸੀ ਕੱਟਾ, 32 ਬੋਰ ਅਤੇ ਕੁੱਝ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਲੁਧਿਆਣਾ ਸ਼ਹਿਰ ਤੋਂ ਹੀ 16 ਮੋਟਰ ਸਾਈਕਲ ਚੋਰੀ ਕੀਤੇ ਸਨ ਜੋ ਪੁਲਿਸ ਨੇ ਹੁਣ ਬਰਾਮਦ ਕਰ ਲਏ ਹਨ।
ਲੁਧਿਆਣਾ ਪੁਲਿਸ ਨੇ ਇੱਕ ਹੋਰ ਮਾਮਲੇ 'ਚ ਸ਼ਹਿਰ ਦੇ ਚੰਦਰ ਨਗਰ ਵਾਸੀ ਰੁਪੇਸ਼ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਕੋਲੋਂ 32 ਬੋਰ ਦਾ ਪਿਸਟਲ ਅਤੇ ਕੁਝ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੱਕਾ ਰੋਡ 'ਤੇ ਲੱਗੇ ਨਾਕੇ ਦੌਰਾਨ ਇਨ੍ਹਾਂ ਦੋਸ਼ੀਆਂ ਨੂੰ ਫੜਿਆ ਗਿਆ ਹੈ। ਏਡੀਸੀਪੀ ਜਗਤਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।