ਲੁਧਿਆਣਾ: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਉਸ ਦੇ ਚਾਚੇ ਵੱਲੋਂ ਕਈ ਖੁਲਾਸੇ ਕੀਤੇ ਗਏ ਨੇ ਜਿਸ ਨੂੰ ਜੋੜ ਕੇ ਪੁਲਿਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਚਾਚੇ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਉਸ ਦੇ ਮਹਿਤਪੁਰ ਇਲਾਕੇ ਦੇ ਵਿੱਚ ਗਾਇਬ ਹੋਣ ਦੀ ਖ਼ਬਰ ਹੈ ਜਿਸ ਤੋਂ ਬਾਅਦ ਲੁਧਿਆਣਾ ਦਿਹਾਤੀ ਪੁਲਿਸ ਚੌਕਸ ਹੋ ਗਈ ਹੈ। ਲੁਧਿਆਣਾ ਰੇਂਜ ਆਈ ਜੀ ਨੇ ਕਿਹਾ ਹੈ ਕਿ ਐੱਸਐੱਸਪੀ ਦਿਹਾਤੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਲੁਧਿਆਣਾ ਵਿੱਚ ਦਾਖਲ ਹੋਣ ਵਾਲੇ ਇਲਾਕਿਆਂ ਦੇ ਵਿੱਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ ।
ਧਰਨੇ ਪ੍ਰਦਰਸ਼ਨ ਤੋਂ ਸਾਫ਼ ਮਨਾਹੀਂ:ਆਈਜੀ ਰੇਂਜ ਲੁਧਿਆਣਾ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਧਾਰਾ 144 ਧਾਰਾ ਲਾਗੂ ਹੈ ਅਤੇ ਕਿਸੇ ਤਰ੍ਹਾਂ ਦੇ ਵੀ ਧਰਨੇ ਪ੍ਰਦਰਸ਼ਨ ਉੱਤੇ ਸਾਫ਼ ਮਨਾਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਦਾ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਬੀਤੇ ਦਿਨ ਧਰਨਾ ਪ੍ਰਦਰਸ਼ਨ ਕਰਨ ਆਏ ਕੁੱਝ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਆਈ ਜੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਫੈਲਾਉਣ ਵਾਲੇ ਉੱਤੇ ਵੀ ਸਖ਼ਤ ਕਾਰਵਾਈ ਹੋਵੇਗੀ ਅਤੇ ਪੁਲਿਸ ਦੀਆਂ ਸੋਸ਼ਲ ਮੀਡੀਆ ਟੀਮਾਂ ਨੇ ਲਗਾਤਾਰ ਹਰ ਇੱਕ ਗਤੀਵਿਧੀ ਉੱਤੇ ਨਜ਼ਰ ਬਣਾਈ ਹੋਈ ਹੈ।