ਖੰਨਾ:ਲੁਧਿਆਣਾ ਦੇ ਜੌਹਰੀ ਦਾ 6 ਕਰੋੜ ਦਾ ਸੋਨਾ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਮਾਸਟਰਮਾਈਂਡ ਨੂੰ ਗਿਰਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਅਜੇ ਜਾਰੀ ਹੈ। ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਸੁਭਾਸ਼ ਨਗਰ ਨੇੜੇ ਐੱਚ.ਬੀ.ਐੱਮ ਕਾਨਵੈਂਟ ਸਕੂਲ, ਲੁਧਿਆਣਾ ਦੀ ਸ਼ਿਕਾਇਤ 'ਤੇ 15 ਜੁਲਾਈ ਨੂੰ ਰਾਣੀ ਬਾਗ ਥਾਣਾ ਦਿੱਲੀ ਵਿਖੇ ਮੁਕੱਦਮਾ ਨੰਬਰ 580 ਧਾਰਾ 419, 420, 34 ਅਧੀਨ ਦਰਜ ਕੀਤਾ ਗਿਆ। ਬਲਰਾਜ ਸਿੰਘ ਵਾਸੀ ਲੁਧਿਆਣਾ ਅਤੇ ਰਾਜਨ ਬਾਵਾ ਵਾਸੀ ਖਟੀਕਾਂ ਚੌਕ ਖੰਨਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਰਵਿੰਦਰ ਕੁਮਾਰ ਅਨੁਸਾਰ ਉਹ ਸੁਨਿਆਰ ਹੈ। ਲੁਧਿਆਣਾ ਵਿੱਚ ਉਨ੍ਹਾਂ ਦੀ ਨਲਕੇ ਵਾਲੀ ਗਲੀ ਵਿੱਚ ਆਰ ਐਨ ਜਵੈਲਰਜ਼ ਨਾਮ ਦੀ ਦੁਕਾਨ ਹੈ। ਬਲਰਾਜ ਸਿੰਘ ਬਤੌਰ ਡਰਾਈਵਰ ਉਸ ਕੋਲ ਕੰਮ ਕਰਦਾ ਸੀ। ਰਾਜਨ ਬਾਵਾ ਉਸਦਾ ਮੁਲਾਜ਼ਮ ਸੀ। 10 ਜੁਲਾਈ ਨੂੰ ਰਾਜਨ ਬਾਵਾ ਨੂੰ ਬਲਰਾਜ ਸਿੰਘ ਦੇ ਨਾਲ ਦਿੱਲੀ ਤੋਂ ਸੋਨਾ ਲੈਣ ਲਈ ਭੇਜਿਆ ਗਿਆ ਸੀ। 10 ਜੁਲਾਈ ਨੂੰ ਰਾਤ ਕਰੀਬ 9 ਵਜੇ ਉਕਤ ਦੋਵੇਂ ਮੁਲਜ਼ਮ ਐਸ.ਆਰ.ਐਂਟਰਪ੍ਰਾਈਜ਼ ਕਰੋਲ ਬਾਗ, ਨਵੀਂ ਦਿੱਲੀ ਤੋਂ 10 ਕਿਲੋ ਸੋਨੇ ਦੀਆਂ ਪਲੇਟਾਂ ਲੈਣ ਮਗਰੋਂ ਲੁਧਿਆਣਾ ਆਉਣ ਲੱਗੇ। ਹਰ ਪਲੇਟ ਦਾ ਭਾਰ 1 ਕਿਲੋ ਸੀ। ਸੋਨੇ ਦੀਆਂ ਪਲੇਟਾਂ ਲੈਣ ਤੋਂ ਬਾਅਦ ਫੋਨ 'ਤੇ ਪੁਸ਼ਟੀ ਕੀਤੀ ਗਈ। ਰਾਜਨ ਬਾਵਾ ਨੇ ਫੋਨ ਕਰਕੇ ਦੱਸਿਆ ਕਿ ਉਹ ਸੋਨੇ ਦੀਆਂ ਪਲੇਟਾਂ ਲੈ ਕੇ ਆ ਰਿਹਾ ਹੈ। ਇਸੇ ਦੌਰਾਨ ਉਹ ਦਿੱਲੀ ਦੇ ਰਾਣੀ ਬਾਗ ਨੇੜੇ ਹਰਿਆਣਾ ਮਾਇਤਰੀ ਭਵਨ ਵਿਖੇ ਪੁੱਜਾ ਤਾਂ ਉਸਨੂੰ ਦੁਬਾਰਾ ਫੋਨ ਆਇਆ।
ਰਾਜਨ ਬਾਵਾ ਨੇ ਦੱਸਿਆ ਕਿ ਇਕ ਆਈ-20 ਕਾਰ ਉਸਦਾ ਪਿੱਛਾ ਕਰ ਰਹੀ ਸੀ ਜਿਸਨੇ ਉਹਨਾਂ ਨੂੰ ਘੇਰ ਲਿਆ। ਕਾਰ 'ਚੋਂ ਦੋ ਵਿਅਕਤੀ ਉਤਰੇ, ਜਿਨ੍ਹਾਂ 'ਚੋਂ ਇਕ ਖੁਦ ਨੂੰ ਸੈਂਟਰਲ ਜੀਐੱਸਟੀ ਦਾ ਇੰਸਪੈਕਟਰ ਸਤਬੀਰ ਸਿੰਘ ਅਤੇ ਦੂਜਾ ਰਵੀ ਕੁਮਾਰ ਦੱਸ ਰਿਹਾ ਹੈ। ਕਾਰ ਵਿੱਚ ਤਿੰਨ ਹੋਰ ਵਿਅਕਤੀ ਬੈਠੇ ਹਨ। ਇਹ ਲੋਕ ਸੋਨੇ ਦੇ ਬਿੱਲ ਮੰਗ ਰਹੇ ਹਨ। ਜਦੋਂ ਉਸਨੇ ਰਾਜਨ ਬਾਵਾ ਦੇ ਫ਼ੋਨ 'ਤੇ ਵਟਸਐਪ ਕਾਲ ਰਾਹੀਂ ਗੱਲ ਕੀਤੀ ਤਾਂ ਆਪਣੇ ਆਪ ਨੂੰ ਜੀਐਸਟੀ ਅਫ਼ਸਰ ਦੱਸਣ ਵਾਲਿਆਂ ਨੇ ਬਿੱਲ ਮੰਗੇ। ਉਸਨੇ ਅਧਿਕਾਰੀਆਂ ਨੂੰ ਕਿਹਾ ਕਿ ਉਸ ਕੋਲ ਬਿੱਲ ਹਨ। ਬਿੱਲ ਅਗਲੇ ਦਿਨ ਦਫ਼ਤਰ ਵਿੱਚ ਲਿਆਉਣ ਲਈ ਕਿਹਾ ਗਿਆ। 11 ਜੁਲਾਈ ਨੂੰ ਉਹ ਬਿੱਲ ਲੈ ਕੇ ਦਿੱਲੀ ਚਲੇ ਗਏ। ਉਸ ਦਿਨ ਤੋਂ ਰਾਜਨ ਬਾਵਾ ਉਸ ਦੇ ਸੰਪਰਕ ਵਿੱਚ ਨਹੀਂ ਰਿਹਾ। ਆਪਣੇ ਪੱਧਰ 'ਤੇ ਉਹ ਸਬੰਧਤ ਜੀ.ਐਸ.ਟੀ ਦਫ਼ਤਰ ਗਏ ਅਤੇ ਉਥੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਭਾਗ ਨੂੰ ਸੋਨੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਬਾਅਦ ਉਸ ਨੂੰ ਦਾਲ 'ਚ ਕਾਲਾ ਲੱਗਾ। ਜਦਕਿ ਰਾਜਨ ਬਾਵਾ ਦੇ ਉਸਦੇ ਸੰਪਰਕ ਤੋਂ ਬਾਹਰ ਰਹਿਣ ਨਾਲ ਸ਼ੱਕ ਵਧ ਗਿਆ। ਫਿਰ ਉਸ ਨੇ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ।
ਫਤਿਹਗੜ੍ਹ ਸਾਹਿਬ, ਖੰਨਾ ਅਤੇ ਲੁਧਿਆਣਾ ਵਿੱਚ ਛਾਪੇਮਾਰੀ:ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਫਤਿਹਗੜ੍ਹ ਸਾਹਿਬ, ਖੰਨਾ ਅਤੇ ਲੁਧਿਆਣਾ ਵਿੱਚ ਛਾਪੇਮਾਰੀ ਕੀਤੀ। ਕਥਿਤ ਦੋਸ਼ੀ ਸੁਸ਼ੀਲ ਕੁਮਾਰ ਉਰਫ ਟੋਪੀ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 1251/ਸੀ/440 ਈਸ਼ਰ ਨਗਰ ਗਲੀ ਨੰਬਰ 2 ਸੀ ਬਲਾਕ ਲੁਧਿਆਣਾ ਨੂੰ ਜੱਗੀ ਰਿਜ਼ੋਰਟ ਸਰਹਿੰਦ, ਫਤਹਿਗੜ੍ਹ ਸਾਹਿਬ ਤੋਂ ਕਾਬੂ ਕੀਤਾ ਗਿਆ। ਜਿਸਨੂੰ ਅੱਜ ਮਾਣਯੋਗ ਅਦਾਲਤ ਰਾਜਕੋਟ ਦਿੱਲੀ ਵਿਖੇ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਸੁਸ਼ੀਲ ਕੁਮਾਰ ਨੂੰ ਇਸ ਕਾਂਡ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ। ਸ਼ਿਕਾਇਤਕਰਤਾ ਰਵਿੰਦਰ ਕੁਮਾਰ ਅਨੁਸਾਰ ਇਸ ਮਾਮਲੇ ਵਿੱਚ ਸੁਸ਼ੀਲ ਕੁਮਾਰ ਦੇ ਨਾਲ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰਰਿਸਟ ਫਰੰਟ ਦਾ ਕੌਮੀ ਚੇਅਰਮੈਨ ਅਤੇ ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਵੀ ਮਾਸਟਰਮਾਈਂਡ ਹੈ। ਇਸ ਘੁਟਾਲੇ ਦੀ ਸਾਰੀ ਸਾਜ਼ਿਸ਼ ਕਸ਼ਮੀਰ ਗਿਰੀ ਦੇ ਘਰ ਰਚੀ ਗਈ ਸੀ। ਕਸ਼ਮੀਰ ਗਿਰੀ ਦੇ ਘਰ ਲਗਾਤਾਰ 15 ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ ਸਨ। ਸੁਸ਼ੀਲ ਖੰਨਾ ਇਥੇ ਆਉਂਦਾ ਸੀ।
ਇੰਨੇ ਕੇਸ ਦਰਜ ਕਰਨ ਤੋਂ ਬਾਅਦ ਵੀ ਪਾਸਪੋਰਟ ਬਣਿਆ:ਸੁਸ਼ੀਲ ਕੁਮਾਰ ਟੋਪੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ 18 ਕੇਸ ਦਰਜ ਹਨ। ਇਸਦੇ ਬਾਵਜੂਦ ਕਥਿਤ ਦੋਸ਼ੀ ਦਾ ਪਾਸਪੋਰਟ ਪਿਛਲੇ ਸਾਲ ਹੀ ਬਣ ਗਿਆ ਸੀ। ਜੁਲਾਈ 2022 ਵਿੱਚ ਉਸਨੇ ਆਪਣਾ ਪਾਸਪੋਰਟ ਬਣਾਇਆ ਜੋਕਿ ਜਾਂਚ ਦਾ ਵਿਸ਼ਾ ਹੈ। ਇਹ ਪਾਸਪੋਰਟ ਲੁਧਿਆਣਾ ਤੋਂ ਬਣਵਾਇਆ ਗਿਆ ਹੈ ਜਦੋਂਕਿ ਲੁਧਿਆਣਾ ਵਿੱਚ ਇਸ ਵਿਰੁੱਧ ਗੰਭੀਰ ਕੇਸ ਦਰਜ ਹਨ।