ਲੁਧਿਆਣਾ:ਪੰਜਾਬ ਵਿੱਚ ਨੌਜਵਾਨਾਂ ਅੰਦਰ ਹੁਨਰ ਦੀ ਕੋਈ ਕਮੀ ਨਹੀਂ ਹੈ। ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਖਿਡਾਰੀਆਂ ਵੱਲ ਨਾ ਤਾਂ ਉਚੇਚਾ ਧਿਆਨ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਬਹੁਤੀ ਤਰਜ਼ੀਹ ਦਿੱਤੀ ਗਈ। ਹਾਲ ਦੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੌਮੀ ਖੇਡਾਂ ਦੇ ਵਿੱਚ ਤਗਮੇ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਲੁਧਿਆਣਾ ਦੇ ਅਮਰਿੰਦਰ ਸਿੰਘ ਚੀਮਾ ਵੀ ਸ਼ਾਮਿਲ ਹਨ, ਜਿਨ੍ਹਾਂ ਨੇ 2 ਗੋਲਡ ਮੈਡਲ ਨਿਸ਼ਾਨੇਬਾਜ਼ੀ ਦੇ ਵਿੱਚ ਹਾਸਿਲ ਕਰਕੇ ਸਰਕਾਰ ਤੋਂ 10 ਲੱਖ ਰੁਪਏ ਦਾ ਕੈਸ਼ ਇਨਾਮ ਪ੍ਰਾਪਤ ਕੀਤਾ ਹੈ ਪਰ ਉਨ੍ਹਾਂ ਦੀਆਂ ਉਪਲਬਧੀਆਂ ਇੰਨੀਆਂ ਵੱਡੀਆਂ ਹਨ ਕਿ ਇਹ ਇਨਾਮ ਉਸ ਅੱਗੇ ਕੁਝ ਵੀ ਨਹੀਂ ਹੈ।
ਖਿਡਾਰੀਆਂ ਨੂੰ ਦੇ ਰਹੇ ਟ੍ਰੇਨਿੰਗ : ਨਿਸ਼ਾਨੇਬਾਜ਼ ਅਮਰਿੰਦਰ ਸਿੰਘ ਚੀਮਾ ਪੂਰੇ 10 ਸਾਲ ਤੱਕ ਭਾਰਤ ਦੇ ਚੋਟੀ ਦੇ ਛੇ ਨਿਸ਼ਾਨੇਬਾਜ਼ਾਂ ਦੀ ਸੂਚੀ ਦੇ ਵਿੱਚ ਰਹੇ ਹਨ। ਉਹ ਅੱਠ ਵਿਸ਼ਵ ਕੱਪ ਖੇਡ ਚੁੱਕੇ ਹਨ। ਏਸ਼ੀਆ ਖੇਡਾਂ ਵਿੱਚ ਵੀ ਉਨ੍ਹਾਂ ਦਾ ਨਾਂ ਆਇਆ ਸੀ ਪਰ ਕਰੋਨਾ ਦੀ ਲਾਗ ਫੈਲਣ ਕਰਕੇ ਖੇਡਾਂ ਰੱਦ ਹੋ ਗਈਆਂ। ਹੁਣ ਉਹ ਆਪਣੇ ਪਿੰਡ ਦੇ ਵਿਚ ਨੌਜਵਾਨਾਂ ਨੂੰ ਨਿਸ਼ਾਨੇਬਾਜ਼ੀ ਸਿਖਾ ਰਹੇ ਹਨ। ਉਹਨਾਂ ਵੱਲੋਂ ਸਿਖਾਏ ਗਏ ਤਿੰਨ ਨਿਸ਼ਾਨੇਬਾਜ਼ ਕੌਮਾਂਤਰੀ ਪੱਧਰ ਉੱਤੇ ਖੇਡ ਰਹੇ ਹਨ। ਇਸਦੇ ਨਾਲ ਹੀ ਦੋ ਖਿਡਾਰੀ ਭਾਰਤੀ ਜੂਨੀਅਰ ਹਾਕੀ ਟੀਮ ਦਾ ਹਿੱਸਾ ਹਨ।
ਅਮਰਿੰਦਰ ਸਿੰਘ ਚੀਮਾ ਨੂੰ ਬਚਪਨ ਤੋਂ ਹੀ ਨਿਸ਼ਾਨੇਬਾਜ਼ੀ ਦਾ ਸ਼ੌਂਕ ਸੀ। ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ 5 ਸਾਲ ਦੇ ਸਨ ਤਾਂ ਉਸ ਉਮਰ ਦੇ ਵਿੱਚ ਹੀ ਉਹ ਬੰਦੂਕ ਲੈਣ ਦੇ ਸ਼ੌਕੀਨ ਸਨ। ਬਹੁਤ ਘੱਟ ਉਮਰ ਦੇ ਵਿੱਚ ਹੀ ਉਨ੍ਹਾਂ ਨੇ ਏਅਰ ਗੰਨ ਲੈ ਲਈ ਸੀ, ਜਿਸ ਤੋਂ ਬਾਅਦ ਉਨ੍ਹਾ 2002 ਦੇ ਵਿਚ ਨਿਸ਼ਾਨੇਬਾਜ਼ੀ ਦੇ ਵਿੱਚ ਆਪਣੇ ਹੱਥ ਅਜ਼ਮਾਉਣਾ ਸ਼ੁਰੂ ਕੀਤੇ ਅਤੇ ਨਿਸ਼ਾਨੇਬਾਜ਼ੀ ਦੇ ਵਿੱਚ ਇਕ ਵੱਖਰਾ ਮੁਕਾਮ ਹਾਸਿਲ ਕਰ ਲਿਆ। ਅਮਰਿੰਦਰ ਸਿੰਘ ਚੀਮਾ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਨਾਲ ਵੀ ਕਾਫੀ ਸਮਾਂ ਖੇਡਦੇ ਰਹੇ ਹਨ। ਅਮਰਿੰਦਰ ਸਿੰਘ ਚੀਮਾ ਅੱਠ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈ ਚੁੱਕੇ ਨਹੀਂ ਅਤੇ ਏਸ਼ੀਅਨ ਗੇਮਸ ਖੇਡ ਚੁੱਕੇ ਨੇ ਇਸ ਤੋਂ ਇਲਾਵਾ ਨੈਸ਼ਨਲ ਦੇ ਵਿਚ ਕਈ ਵਾਰ ਮੈਡਲ ਹਾਸਲ ਕਰ ਚੁੱਕੇ ਨੇ, ਹਾਲੀ ਦੇ ਵਿੱਚ ਉਨ੍ਹਾਂ ਨੂੰ ਗੋਲਡ ਮੈਡਲ ਆਪਣੇ ਨਾਂ ਕੀਤੇ ਹਨ।