ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਪੁਲਿਸ ਨੇ ਸਮੇਂ ਸਿਰ ਨਾ ਤਾਂ ਇਸ ਮਾਮਲੇ 'ਚ ਕਾਰਵਾਈ ਕੀਤੀ ਅਤੇ ਨਾ ਹੀ ਹਾਲੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਸਰਕਾਰ ਪੰਜਾਬ 'ਚ ਅਮਨ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ 'ਚ ਨਾਕਾਮ ਸਾਬਤ ਹੋ ਰਹੀ ਹੈ।
ਲੁਧਿਆਣਾ ਗੈਂਗਰੇਪ: ਸਰਕਾਰ ਤੇ ਪੁਲਿਸ ਵਿਰੁੱਧ ਸੜਕਾਂ 'ਤੇ ਉਤਰੇ ਲੋਕ - ਲੁਧਿਆਣਾ
ਲੁਧਿਆਣਾ: ਮੁੱਲਾਂਪੁਰ 'ਚ ਬੀਤੇ ਦਿਨੀ ਹੋਏ ਸਮੂਹਕ ਜਬਰ ਜਨਾਹ ਮਾਮਲੇ 'ਚ ਲਗਾਤਾਰ ਪੁਲਿਸ ਅਤੇ ਪੰਜਾਬ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਸਵੇਰੇ ਲੋਕਾਂ ਅਤੇ ਪੰਜਾਬੀ ਏਕਤਾ ਪਾਰਟੀ ਵੱਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਲੜਕਾ ਅਤੇ ਲੜਕੀ ਕਾਰ ਵਿੱਚ ਸਵਾਰ ਹੋ ਕੇ 'ਚਾਕਲੇਟ ਡੇ' ਮਨਾਉਣ ਜਾ ਰਹੇ ਸਨ ਤਾਂ ਅਚਾਨਕ ਕੁੱਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਰਾਹ 'ਚ ਰੋਕ ਲਿਆ ਅਤੇ ਲੜਕੇ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਲੜਕੇ ਤੋਂ ਫ਼ਿਰੋਤੀ ਦੀ ਮੰਗ ਕੀਤੀ। ਫਿਰੋਤੀ ਨਾ ਮਿਲਣ 'ਤੇ ਬਦਮਾਸ਼ਾਂ ਨੇ ਲੜਕੀ ਨਾਲ ਸਮੂਹਕ ਜਬਰ ਜਨਾਹ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਕੇ ਫ਼ਰਾਰ ਹੋ ਗਏ।
ਪੁਲਿਸ ਨੂੰ ਪੀੜਤ ਲੜਕੇ ਦੇ ਦੋਸਤ ਨੇ ਸ਼ਿਕਾਇਤ ਵੀ ਦਿੱਤੀ ਸੀ ਕਿ ਲੜਕੇ ਤੇ ਲੜਕੀ ਨੂੰ ਬੰਧਕ ਬਣਾਇਆ ਗਿਆ ਹੈ ਪਰ ਡੇਢ ਘੰਟੇ ਤੱਕ ਪੁਲਿਸ ਘਟਨਾ ਵਾਲੀ ਥਾਂ ਨਹੀਂ ਪਹੁੰਚੀ। ਪੁਲਿਸ ਦੀ ਇਸ ਲਾਪਰਵਾਹੀ ਕਾਰਨ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਸਥਾਨਕ ਏਐੱਸਆਈ ਵਿੱਦਿਆਰਤਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਅਜੇ ਵੀ ਪੁਲਿਸ ਦੇ ਹੱਥ ਨਹੀਂ ਆਏ ਹਨ।