ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਪੀ.ਪੀ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਅੰਦਰ ਪੈਂਦੇ ਸਪਾ ਅਤੇ ਮਸਾਜ ਸੈਂਟਰਾਂ ਲਈ ਹਦਾਇਤਾਂ (Instructions for spa and massage centers) ਜਾਰੀ ਕੀਤੀਆਂ ਹਨ। ਇਹ ਹਦਾਇਤਾਂ ਅਜਿਹੇ ਮਾਹੌਲ ਵਿਚਕਾਰ ਜਾਰੀ ਹੋਈਆਂ ਹਨ ਜਦੋਂ ਲੁਧਿਆਣਾ ਵਿੱਚ ਬੀਤੇ ਦਿਨ ਹਨੀ ਟਰੈਪ ਵਿੱਚ ਫਸਾ ਕੇ ਇੱਕ ਸ਼ਖ਼ਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਪੁਲਿਸ ਲਗਾਤਾਰ ਚੌਕਸੀ ਵਰਤ ਰਹੀ ਹੈ।
ਇਹ ਹਨ ਲਾਜ਼ਮੀ ਹਦਾਇਤਾਂ:ਜ਼ਿਲ੍ਹਾ ਪੁਲਿਸ ਦੀਆਂ ਸਪਾ ਸੈਂਟਰਾਂ ਨੂੰ ਜਾਰੀ ਹਦਾਇਤਾਂ ਵਿੱਚ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਇਲਾਕੇ ਵਿੱਚ ਪੈਂਦੇ ਸਪਾ ਅਤੇ ਮਸਾਜ ਸੈਂਟਰਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਸੈਂਟਰਾਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਰਸਤਿਆਂ 'ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਲਾਜ਼ਮੀ ਹਨ ਅਤੇ 30 ਦਿਨ ਦਾ ਰਿਕਾਰਡਿੰਗ ਬੈਕਅੱਪ ਵੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਦੇ ਮਾਲਕ ਆਉਣ ਵਾਲੇ ਹਰ ਗ੍ਰਾਹਕ ਦੀ ਫੋਟੋ ਆਈ.ਡੀ. ਰੱਖਣਗੇ ਅਤੇ ਆਪਣੇ ਹਰ ਕਰਮਚਾਰੀ ਦੀ ਪੁਲਿਸ ਵੈਰੀਫਿਕੇਸ਼ਨ (Police Verification) ਵੀ ਕਰਵਾਉਣਗੇ।