ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਅਦਾਲਤ 'ਚ ਹੋਏ ਬੰਬ ਧਮਾਕੇ ਮਾਮਲੇ ਦੇ ਵਿੱਚ ਮੁਲਜ਼ਮ ਦੀ ਸ਼ਨਾਖ਼ਤ ਕਰ ਲਈ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਮੁਲਜ਼ਮ ਖੰਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਖੰਨਾ ਦੇ ਥਾਣਾ ਸਦਰ 'ਚ ਬਤੌਰ ਮੁਨਸ਼ੀ ਤੈਨਾਤ ਰਿਹਾ ਸੀ।
ਉਸ ਨੂੰ ਅਗਸਤ 2019 'ਚ ਐੱਨਡੀਪੀਐੱਸ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ 75 ਗਰਾਮ ਹੈਰੋਇਨ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਉਸ ਨੂੰ ਦੋ ਸਾਲ ਦੀ ਸਜ਼ਾ ਹੋਈ ਅਤੇ ਸਤੰਬਰ ਵਿੱਚ ਹੀ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਵਾਪਸ ਆਇਆ ਸੀ।
ਸਾਬਕਾ ਪੁਲੀਸ ਮੁਲਾਜ਼ਮ ਸੀ ਮੁਲਜ਼ਮ
ਸੂਤਰਾਂ ਦੇ ਹਵਾਲੇ ਤੋਂ ਹੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਸਾਬਕਾ ਪੁਲੀਸ ਮੁਲਾਜ਼ਮ ਸੀ ਅਤੇ ਐਨ.ਡੀ.ਪੀ.ਸੀ ਐਕਟ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 3 ਅਗਸਤ 2019 'ਚ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਸਤੰਬਰ 2021 ਭਾਵ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਹ ਰਿਹਾਅ ਹੋ ਕੇ ਵਾਪਿਸ ਆਇਆ ਸੀ। ਸੂਤਰਾਂ ਅਨੁਸਾਰ ਮੁਲਜ਼ਮ ਖੰਨਾ ਦੀ ਹੀ ਪ੍ਰੋਫੈਸਰ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਪੰਜਾਬ ਪੁਲੀਸ ਵੱਲੋਂ ਉਸ ਨੂੰ ਪਹਿਲਾਂ ਹੀ ਐੱਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਹੋਣ ਤੋਂ ਬਾਅਦ ਡਿਸਮਿਸ ਕਰ ਦਿੱਤਾ ਗਿਆ ਸੀ।
Ludhiana Court Blast: ਬੰਬ ਧਮਾਕਾ ਕਰਨ ਵਾਲੇ ਸਖਸ਼ ਦੀ ਹੋਈ ਪਛਾਣ : ਸੂਤਰ ਐੱਨ.ਆਈ.ਏ ਅਤੇ ਪੰਜਾਬ ਪੁਲੀਸ ਦੀ ਛਾਪੇਮਾਰੀ
ਪੂਰੇ ਖੁਲਾਸੇ ਤੋਂ ਬਾਅਦ ਪੰਜਾਬ ਪੁਲੀਸ ਦੀ ਟੀਮ ਅਤੇ ਐੱਨ.ਆਈ.ਏ ਵੱਲੋਂ ਕਥਿਤ ਮੁਲਜ਼ਮ ਦੀ ਰਿਹਾਇਸ਼ 'ਤੇ ਛਾਪੇਮਾਰੀ ਵੀ ਕੀਤੀ ਗਈ ਹੈ। ਦੇਰ ਰਾਤ ਪੁਲੀਸ ਦੀ ਛਾਪੇਮਾਰੀ ਦੀਆਂ ਤਸਵੀਰਾਂ ਮੁਲਜ਼ਮ ਦੇ ਘਰ ਤੋਂ ਸਾਹਮਣੇ ਆਈਆਂ ਹਨ। ਐੱਨਆਈਏ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਸਿਮ ਤੋਂ ਹੋਈ ਸ਼ਨਾਖ਼ਤ-ਸੂਤਰ
ਲੁਧਿਆਣਾ ਜ਼ਿਲ੍ਹਾ ਕਚਹਿਰੀ ਦੇ ਵਿੱਚ ਹੋਏ ਬੰਬ ਧਮਾਕੇ ਇਸ ਤੋਂ ਬਾਅਦ ਕੇਂਦਰੀ ਸੁਰੱਖਿਆ ਏਜੰਸੀਆਂ ਘਟਨਾ ਵਾਲੀ ਥਾਂ ਦਾ ਲਗਾਤਾਰ ਮੁਆਇਨਾ ਕਰਕੇ ਸਬੂਤ ਇਕੱਤਰ ਕਰ ਰਹੀਆਂ ਸਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲੀਸ ਨੂੰ ਜੋ ਸਬੂਤ ਇਕੱਤਰ ਹੋਏ, ਉਨ੍ਹਾਂ 'ਚ ਜੋ ਸਿਮ ਬਰਾਮਦ ਹੋਇਆ ਉਸ ਦੇ ਆਧਾਰ 'ਤੇ ਹੀ ਪੁਲੀਸ ਮੁਲਜ਼ਮ ਤੱਕ ਪਹੁੰਚ ਪਾਈ।
ਡੀਜੀਪੀ ਕਰਨਗੇ ਪ੍ਰੈੱਸ ਕਾਨਫ਼ਰੰਸ
ਪੰਜਾਬ ਦੇ ਡੀਜੀਪੀ ਕੱਲ੍ਹ ਚੰਡੀਗੜ੍ਹ 'ਚ ਲੁਧਿਆਣਾ ਬੰਬ ਧਮਾਕੇ ਮਾਮਲੇ 'ਚ ਮੁਲਜ਼ਮ ਦੀ ਸ਼ਨਾਖਤ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕਰ ਸਕਦੇ ਹਨ। ਪ੍ਰੈੱਸ ਕਾਨਫ਼ਰੰਸ 'ਚ ਮੁਲਜ਼ਮ ਬਾਰੇ ਹੋਰ ਵੀ ਕਈ ਅਹਿਮ ਖੁਲਾਸੇ ਡੀਜੀਪੀ ਪੰਜਾਬ ਵੱਲੋਂ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਪੁਲੀਸ ਵੱਲੋਂ ਹਾਲੇ ਤੱਕ ਇਸ ਮਾਮਲੇ 'ਚ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਦੇਰ ਸ਼ਾਮ ਵੀ ਲੁਧਿਆਣਾ ਪੁਲੀਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਵੀ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੇ ਮੁਲਜ਼ਮ ਬਾਰੇ ਕੁਝ ਵੀ ਨਹੀਂ ਕਿਹਾ।
ਧਮਾਕੇ 'ਚ ਇਕ ਦੀ ਮੌਤ ਛੇ ਜ਼ਖਮੀ
ਲੁਧਿਆਣਾ ਵਿੱਚ ਵੀਰਵਾਰ ਨੂੰ ਹੋਏ ਜ਼ਿਲ੍ਹਾ ਕਚਹਿਰੀ ਦੇ ਦੂਜੇ ਫਲੋਰ 'ਤੇ ਬਾਥਰੂਮ ਅੰਦਰ ਧਮਾਕਾ ਹੋਇਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ ਸਨ। ਹਾਲਾਂਕਿ ਉਨ੍ਹਾਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ਜਦੋਂ ਕਿ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ :ਡੀਜੀਪੀ ਚਟੋਪਾਧਿਆਏ ਨੇ ਐਸਐਸਪੀਜ਼ ਨਾਲ ਕੀਤੀ ਮੀਟਿੰਗ, ਕਾਨੂੰਨ ਵਿਵਸਥਾ ਦਾ ਲਿਆ ਜਾਇਜਾ