ਲੁਧਿਆਣਾ:ਲੁਧਿਆਣਾ ਕੋਰਟ ਵਿੱਚ ਧਮਾਕਾ (Ludhiana District Court Blast) ਕਰਨ ਵਾਲੇ ਮੁੱਖ ਮੁਲਜ਼ਮ ਗਗਨਦੀਪ ਦਾ ਸਖ਼ਤ ਸੁਰੱਖਿਆ ਵਿੱਚ ਸਸਕਾਰ ਕੀਤਾ ਗਿਆ। ਜਿਸ ਮੌਕੇ ਪਰਿਵਾਰ ਤੋਂ ਇਲਾਵਾ ਕੋਈ ਵੀ ਅੰਤਮ ਸਸਕਾਰ 'ਚ ਸ਼ਾਮਲ ਨਹੀਂ ਹੋਇਆ।
ਇਸ ਮੌਕੇ ਮੀਡੀਆ ਨੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਲੁਧਿਆਣਾ ਵਿੱਚ ਸਿਵਲ ਹਸਪਤਾਲ ਵੱਲੋਂ ਗਗਨਦੀਪ ਦੀ ਪਤਨੀ ਨੂੰ ਡੈੱਡ ਬੌਡੀ ਸੌਂਪੀ ਗਈ ਸੀ।
ਦੱਸ ਦੇਈਏ ਕਿ ਲੁਧਿਆਣਾ ਕੋਰਟ ਧਮਾਕਾ ਮਾਮਲੇ (Ludhiana District Court Blast case) ’ਚ ਪੰਜਾਬ ਦੇ ਡੀਜੀਪੀ (DGP Punjab) ਚਟੋਪਾਧਿਆਏ ਨੇ ਧਮਾਕਾ ਕਰਨ ਵਾਲੇ ਗਗਨਦੀਪ ਸਿੰਘ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਹੈ ਅਤੇ ਖੰਨਾ ਦੇ ਥਾਣਾ ਸਦਰ ਵਿੱਚ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਬਾਥਰੂਮ ਵਿਚ ਬੰਬ ਲਗਾ ਰਿਹਾ ਸੀ ਉਹ ਇਕੱਲਾ ਸੀ, ਪਰ ਉਹ ਆਤਮਘਾਤੀ ਨਹੀਂ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਧਮਾਕੇ ਵਿੱਚ ਆਰਡੀਐਕਸ (RDX) ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਡੀਜੀਪੀ ਪੰਜਾਬ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਉਹ ਮਿਹਨਤ ਕਰਨੀ ਚਾਹੁੰਦੇ ਹਨ ਤਾਂ ਖੇਡਾਂ ਵਿੱਚ ਕੁਸ਼ਤੀ ਕਰਨ, ਕਬੱਡੀ ਵਿੱਚ ਕਰਨ। ਮਿਲਖਾ ਸਿੰਘ ਤੇ ਪਰਗਟ ਸਿੰਘ ਵਾਂਗ ਪੰਜਾਬ ਨੂੰ ਮਾਣ ਬਖਸ਼ੋ ਪਰ ਗੋਲੀਆਂ ਚਲਾਉਣਾ ਵੱਡਾ ਕੰਮ ਨਹੀਂ ਹੈ।