ਲੁਧਿਆਣਾ: ਕਸ਼ਮੀਰ ਵਿੱਚ ਧਾਰਾ 370 ਅਤੇ 35 ਏ ਹਟਾਏ ਜਾਣ ਤੋਂ ਬਾਅਦ ਮੋਬਾਇਲ ਕੁਨੈਕਸ਼ਨਾਂ ਨੁੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਈਦ ਵੀ ਉਦਾਸੀ ਵਿੱਚ ਹੀ ਨਿਕਲੀ। ਲੁਧਿਆਣਾ ਦੇ ਸੀਐਮਸੀ ਵਿੱਚ ਪੜ੍ਹਾਈ ਕਰਨ ਵਾਲੇ ਕਸ਼ਮੀਰੀ ਵਿਦਿਆਰਥੀ ਖਾਣ-ਪੀਣ ਲਈ ਵੀ ਪ੍ਰੇਸ਼ਾਨ ਹੋ ਗਏ ਹਨ ਕਿਉਂਕਿ ਉਨ੍ਹਾਂ ਦਾ ਬੀਤੇ ਕਈ ਮਹੀਨਿਆਂ ਤੋਂ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਪਾਇਆ।
ਆਪਣਾ ਦਰਦ ਬਿਆਨ ਕਰਦਿਆਂ ਕਸ਼ਮੀਰੀ ਵਿਦਿਆਰਥੀਆਂ ਨੇ ਕਿਹਾ ਕਿ ਪਰਿਵਾਰ ਨਾਲ ਉਨ੍ਹਾਂ ਦਾ ਕਾਫੀ ਲੰਮੇ ਸਮੇਂ ਤੋਂ ਸੰਪਰਕ ਨਹੀਂ ਹੋਇਆ। ਇਥੋਂ ਤੱਕ ਕਿ ਈਦ ਦੌਰਾਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਤੱਕ ਨਹੀਂ ਕਰ ਪਾਏ। ਉਨ੍ਹਾਂ ਨੇ ਕਿਹਾ ਕਿ ਉਹ ਖਾਣ ਲਈ ਵੀ ਮੁਹਤਾਜ ਹੋ ਗਏ ਹਨ, ਕਿਉਂਕਿ ਪਰਿਵਾਰ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਕੋਲ ਪੈਸੇ ਵੀ ਨਹੀਂ ਹਨ।
ਇੱਕ ਪਾਸੇ ਜਿੱਥੇ ਕਸ਼ਮੀਰੀ ਵਿਦਿਆਰਥੀਆਂ ਨੇ ਮਦਦ ਦੀ ਗੁਹਾਰ ਲਈ ਹੈ, ਉੱਥੇ ਹੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦਾ ਵੀ ਉਨ੍ਹਾਂ ਨੇ ਵਿਸ਼ੇਸ਼ ਧੰਨਵਾਦ ਕੀਤਾ, ਕਿਉਂਕਿ ਬੀਤੇ ਦਿਨੀਂ ਕਸ਼ਮੀਰੀ ਵਿਦਿਆਰਥਣਾਂ ਨੂੰ ਖਾਲਸਾ ਏਡ ਵੱਲੋਂ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਸੀ।