ਲੁਧਿਆਣਾ:ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਲਈ ਆਏ ਅੰਡਰ ਟਰਾਇਲ ਹਵਾਲਾਤੀਆਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਹਵਾਲਾਤੀਆਂ ਨਸ਼ੇ ਵਿੱਚ ਧੁੱਤ ਸਨ, ਜਿੰਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜਿਆ ਸੀ। ਇਸ ਦੌਰਾਨ ਹਵਾਲਾਤੀਆਂ ਨੇ ਕਿਹਾ ਕਿ ਪੁਲਿਸ ਨੂੰ 15 ਹਜ਼ਾਰ ਦੇ ਕੇ ਉਹ ਸ਼ਰਾਬ ਪੀਂਦੇ ਹਨ। ਕੇਂਦਰੀ ਜੇਲ੍ਹ ਵਿੱਚ ਰਾਤ 9.30 ਵਜੇ ਦੇ ਕਰੀਬ ਇਨ੍ਹਾਂ ਨੂੰ ਲਿਆਂਦਾ ਗਿਆ ਸੀ, ਜਿਥੇ ਪੁਲਿਸ ਇਨ੍ਹਾਂ ਨੂੰ ਪੇਸ਼ੀ ਲਈ ਲੈਕੇ ਗਈ ਸੀ। ਕੈਦੀਆਂ ਨੂੰ ਜਦੋਂ ਵਾਪਸ ਜੇਲ੍ਹ ਲਿਜਾਇਆ ਗਿਆ ਤਾਂ ਜੇਲ੍ਹ ਪ੍ਰਸ਼ਾਸ਼ਨ ਨੇ ਪੁਲਿਸ ਨੂੰ ਇੰਨ੍ਹਾਂ ਦਾ ਮੈਡੀਕਲ ਕਰਵਾ ਕੇ ਲਿਆਉਣ ਲਈ ਕਿਹਾ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਪੰਜ ਨੌਜਵਾਨਾਂ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪਾਇਆ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਮੈਡੀਕਲ ਲਈ ਭੇਜ ਦਿੱਤਾ।
ਨਸ਼ੇ 'ਚ ਧੁੱਤ ਪੇਸ਼ੀ ਤੋਂ ਪਰਤੇ ਹਵਾਲਾਤੀ: ਹਸਪਤਾਲ ਪਹੁੰਚੇ ਅੰਡਰ ਟਰਾਇਲ ਇੰਨ੍ਹਾਂ ਹਵਾਲਾਤੀਆਂ ਨੇ ਖੂਬ ਹੰਗਾਮਾ ਕੀਤਾ ਅਤੇ ਕਈ ਵੱਡੇ ਖੁਲਾਸੇ ਕੀਤੇ। ਕੈਦੀਆਂ ਨੇ ਪੁਲਿਸ ’ਤੇ ਪੇਸ਼ੀ ਦੌਰਾਨ ਸ਼ਰਾਬ ਪੀਣ ਦੇ ਗੰਭੀਰ ਦੋਸ਼ ਲਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਲਜ਼ਮ ਸਾਹਿਲ ਕੰਡਾ ਨੇ ਦੱਸਿਆ ਕਿ ਉਸ ਖਿਲਾਫ 8 ਤੋਂ 9 ਮਾਮਲੇ ਦਰਜ ਹਨ। ਉਹ ਹੈਬੋਵਾਲ ਦਾ ਰਹਿਣ ਵਾਲਾ ਹੈ। ਉਸ ਦੇ ਹੋਰ ਸਾਥੀਆਂ 'ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਅੱਜ ਉਹ ਆਪਣੇ ਚਾਰ ਹੋਰ ਦੋਸਤਾਂ ਨਾਲ ਕਿਸੇ ਕੇਸ ਦੀ ਪੇਸ਼ੀ ਲਈ ਗਿਆ ਹੋਇਆ ਸੀ। ਪੇਸ਼ੀ ਤੋਂ ਬਾਅਦ ਉਸ ਨੇ 15 ਹਜ਼ਾਰ ਰੁਪਏ ਪੁਲਿਸ ਮੁਲਾਜ਼ਮਾਂ ਨੂੰ ਦੇ ਦਿੱਤੇ, ਜਿਨ੍ਹਾਂ ਨੇ ਉਸ ਨੂੰ ਸ਼ਰਾਬ ਪਿਲਾਈ।