ਲੁਧਿਆਣਾ ਕੈਸ਼ ਵੈਨ ਲੁੱਟ ਮਾਮਲੇ ਵਿੱਚ ਪੁਲਿਸ ਨੇ ਕੰਪਨੀ ਦੇ ਡੀਵੀਆਰ ਕੀਤੇ ਬਰਾਮਦ ਲੁਧਿਆਣਾ :ਲੁਧਿਆਣਾ ਦੀ cms ਕੰਪਨੀ ਵਿਚ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਲੁਟੇਰਿਆਂ ਵੱਲੋਂ ਲੁੱਟ ਵਾਲੀ ਥਾਂ ਤੋਂ ਕੈਮਰਿਆਂ ਦੇ ਚੁੱਕੇ ਗਏ ਡੀਵੀਆਰ ਬਰਾਮਦ ਕਰ ਲਏ ਹਨ, ਜਿਸ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰ ਕੇ ਖੁਲਾਸਾ ਕੀਤਾ ਹੈ ਅਤੇ ਕਿਹਾ ਹੈ ਕਿ ਬਰਨਾਲਾ ਦੀ ਠੀਕਰੀ ਵਾਲਾ ਰੋਡ ਤੋਂ ਤਿੰਨ ਕਿਲੋਮੀਟਰ ਦੂਰ ਇਕ ਨਾਲੇ ਵਿੱਚੋਂ ਇਹ ਡੀਵੀਆਰ ਬਰਾਮਦ ਕੀਤੇ ਗਏ ਹਨ।
ਮੁਲਜ਼ਮਾਂ ਅਦਾਲਤ ਵਿੱਚ ਪੇਸ਼ ਕਰ ਕੇ ਹੋਰ ਰਿਮਾਂਡ ਦੀ ਮੰਗ :ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਪੁਲਿਸ ਵੱਲੋਂ 7 ਕਰੋੜ 14 ਲੱਖ 700 ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਦਾ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਵੀ ਹਾਸਲ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਹਾਲੇ ਵੀ ਮਾਮਲੇ ਦੇ ਵਿੱਚ ਪੁੱਛਗਿਛ ਜਾਰੀ ਹੈ ਅਤੇ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ।
ਲੁਟੇਰਿਆਂ ਨੇ ਪੁਲਿਸ ਨੂੰ ਉਲਝਾਉਣ ਵਿੱਚ ਨਹੀਂ ਛੱਡੀ ਕੋਈ ਕਸਰ :ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਹੈ ਕਿ ਪੁਲਿਸ ਨੂੰ ਗੁੰਮਰਾਹ ਕਰਨ ਲਈ ਲੁਟੇਰਿਆਂ ਨੇ ਕੋਈ ਕਸਰ ਨਹੀਂ ਛੱਡੀ ਸੀ, ਪਰ ਸਾਡੀ ਟੀਮ ਨੇ ਦਿਨ ਰਾਤ ਇੱਕ ਕਰ ਕੇ ਇਸ ਮਾਮਲੇ ਨੂੰ ਸਮਝਿਆ ਹੈ ਅਤੇ ਇੱਕ ਇੱਕ ਕੜੀ ਨੂੰ ਖੋਲ੍ਹਿਆ ਹੈ। ਪੁਲਿਸ ਨੇ ਲੁੱਟ ਦੇ ਵਿਚ ਵਰਤੀ ਗਈ ਕਾਰ ਅਤੇ ਮੋਟਰ ਸਾਈਕਲ ਵੀ ਬਰਾਮਦ ਕੀਤੇ ਹਨ। ਹੁਣ ਤੱਕ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 18 ਮੁਲਜ਼ਮਾਂ ਕੋਲੋਂ ਇਹ ਰਕਮ ਬਰਾਮਦ ਹੋਈ ਹੈ, ਜਿਨ੍ਹਾਂ ਵਿਚ ਮਨਿੰਦਰ ਸਿੰਘ ਉਰਫ ਮਨੀ ਕੋਲੋਂ ਡੇਢ ਕਰੋੜ ਰੁਪਏ, ਮਨਦੀਪ ਸਿੰਘ ਉਰਫ ਵਿੱਕੀ ਤੋਂ 50 ਲੱਖ ਰੁਪਏ, ਹਰਵਿੰਦਰ ਸਿੰਘ ਤੋਂ 75 ਲੱਖ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਨਰਿੰਦਰ ਸਿੰਘ ਕੋਲੋਂ ਪੱਚੀ-ਪੱਚੀ ਲੱਖ ਰੁਪਏ ਬਰਾਮਦ ਕੀਤੇ ਹਨ।
ਇਸੇ ਤਰ੍ਹਾਂ ਮਨਦੀਪ ਕੌਰ ਤੋਂ 12 ਲੱਖ ਰੁਪਏ ਜਸਵਿੰਦਰ ਸਿੰਘ 9 ਲੱਖ ਰੁਪਏ, ਅਰੁਣ ਕੁਮਾਰ, ਆਦਿੱਤਿਆ ਅਤੇ ਗੁਰਪ੍ਰੀਤ ਤੋਂ ਦਸ ਦਸ ਲੱਖ ਬਰਾਮਦ ਕੀਤੇ ਹਨ ਇਸੇ ਤਰ੍ਹਾਂ ਨੀਰਜ ਕੁਮਾਰ ਮਨਦੀਪ ਕੁਮਾਰ ਪ੍ਰਿੰਸ ਕੋਲੋਂ ਵੀਂਹਵੀ ਲੱਖ ਰੁਪਏ ਬਰਾਮਦ ਕੀਤੇ ਹਨ, ਅਭੀ ਸਿੰਗਲਾ ਤੋਂ 24 ਲੱਖ ਰੁਪਏ, ਪਵਨ ਕੁਮਾਰ ਅਤੇ ਦਮਨਪ੍ਰੀਤ ਤੋਂ ਦੋ ਲੱਖ ਰੁਪਏ ਬਰਾਮਦ ਕੀਤੇ ਗਏ ਹਨ।