ਚੰਡੀਗੜ੍ਹ ਡੈਸਕ:ਲੁਧਿਆਣਾ ਵਿਖੇ ਸੀਐਮਐਸ ਕੰਪਨੀ ਵਿੱਚ ਹੋਈ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਸਮਾਂ ਪਹਿਲਾਂ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਸੀ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ "ਲੁਧਿਆਣਾ ਕੈਸ਼ ਵੈਨ ਡਕੈਤੀ ਵਿੱਚ ਪੁਲਿਸ ਨੂੰ ਬਹੁਤ ਵੱਡੀ ਸਫਲਤਾ ..ਵੇਰਵੇ ਜਲਦੀ…"। ਇਸ ਤੋਂ ਤੁਰੰਤ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਮਾਮਲੇ ਵਿੱਚ 5 ਲੁਟੇਰੇ ਗ੍ਰਿਫ਼ਤਾਰ ਕੀਤੇ ਹਨ। ਇਸ ਸਬੰਧੀ ਉਹ ਜਲਦ ਹੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਡੀਜੀਪੀ ਦਾ ਟਵੀਟ : "ਡੀਜੀਪੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਇੱਕ ਵੱਡੀ ਸਫਲਤਾ ਵਿੱਚ, ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੈਸ਼ ਵੈਨ ਲੁੱਟ ਦੇ ਮਾਮਲੇ ਨੂੰ ਹੱਲ ਕੀਤਾ ਹੈ। ਯੋਜਨਾ ਵਿੱਚ ਸ਼ਾਮਲ 10 ਮੁਲਜ਼ਮਾਂ ਵਿੱਚੋਂ 5 ਮੁੱਖ ਮੁਲਜ਼ਮ ਫੜੇ ਗਏ ਹਨ ਅਤੇ ਵੱਡੀ ਬਰਾਮਦਗੀ ਕੀਤੀ ਗਈ ਹੈ । ਜਾਂਚ ਜਾਰੀ ਹੈ।"
ਲੁਧਿਆਣਾ ਪੁਲਿਸ ਕਮਿਸ਼ਨਰ ਨੇ ਬੀਤੇ ਦਿਨ ਡੀਜੀਪੀ ਨੂੰ ਲਿਖੀ ਸੀ ਚਿੱਠੀ : ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ਵਿੱਚ ਸੀਐਮਐਸ ਕੰਪਨੀ ਦੇ ਦਫ਼ਤਰ ਵਿੱਚੋਂ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ। ਸਿੱਧੂ ਦਾ ਕਹਿਣਾ ਸੀ ਕਿ ਕੰਪਨੀ 'ਚ ਸੁਰੱਖਿਆ ਦੇ ਮਾਮਲੇ 'ਚ ਲਾਪ੍ਰਵਾਹੀ ਹੋਈ ਹੈ। ਕੰਪਨੀ ਵਿੱਚ ਜੁਗਾੜੂ ਸਿਸਟਮ ਨਾਲ ਕੰਮ ਚੱਲ ਰਿਹਾ ਸੀ। ਸਕਿਉਰਿਟੀ ਗਾਰਡਾਂ ਕੋਲੋਂ ਓਵਰਟਾਈਮ ਦਾ ਕੰਮ ਕਰਵਾਇਆ ਜਾ ਰਿਹਾ ਸੀ। ਕਰੋੜਾਂ ਰੁਪਏ ਦੀ ਨਕਦੀ ਨਾਲ ਸਿਰਫ਼ 2 ਗਾਰਡ ਤਾਇਨਾਤ ਸਨ।
ਸੀਸੀਟੀਵੀ ਵੀਡੀਓ ਸੁਰੱਖਿਅਤ ਰੱਖਣ ਵਿੱਚ ਕੁਤਾਹੀ : ਉਨ੍ਹਾਂ ਅੱਗੇ ਲਿਖਿਆ ਕਿ ਹਰੇਕ ਸੁਰੱਖਿਆ ਕੰਪਨੀ ਦੇ ਸੀਸੀਟੀਵੀ-ਡੀਵੀਆਰਜ਼ ਨੂੰ ਆਨਲਾਈਨ ਕਲਾਊਡ ਸਿਸਟਮ ਨਾਲ ਜੋੜਿਆ ਗਿਆ ਹੈ ਤਾਂ ਜੋ ਜੇਕਰ ਕਦੇ ਲੁੱਟ-ਖੋਹ ਦੀ ਘਟਨਾ ਵਾਪਰਦੀ ਹੈ ਤਾਂ ਸੀਸੀਟੀਵੀ ਫੁਟੇਜ ਆਨਲਾਈਨ ਕਲਾਊਡ 'ਤੇ ਸੁਰੱਖਿਅਤ ਹੋ ਜਾਂਦੀ ਹੈ। ਸੀਐਮਐਸ ਕੰਪਨੀ ਵਿੱਚ 50 ਦੇ ਕਰੀਬ ਸੀਸੀਟੀਵੀ ਕੈਮਰੇ ਅਤੇ ਪੰਜ ਡੀਵੀਆਰ ਲਗਾਏ ਗਏ ਸਨ। ਇਹ ਬਦਮਾਸ਼ ਸਾਰੇ ਡੀਵੀਆਰ ਆਪਣੇ ਨਾਲ ਲੈ ਗਏ। ਇਨ੍ਹਾਂ ਦੀ ਫੁਟੇਜ ਵੀ ਕਲਾਊਡ ਸਿਸਟਮ ਨਾਲ ਜੁੜੀ ਨਹੀਂ ਸੀ, ਜਿਸ ਕਾਰਨ ਪੁਲਿਸ ਲਈ ਇਨ੍ਹਾਂ ਦੀ ਪਛਾਣ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ।
ਮਾੜੇ ਸੈਂਸਰ ਸਿਸਟਮ ਦਾ ਲੁਟੇਰਿਆਂ ਨੂੰ ਮਿਲਿਆ ਲਾਭ :ਸੀਪੀ ਨੇ ਪੱਤਰ ਵਿੱਚ ਲਿਖਿਆ ਕਿ CMS ਕੰਪਨੀ ਦਾ ਸੈਂਸਰ ਸਿਸਟਮ ਬਹੁਤਾ ਕਾਮਯਾਬ ਨਹੀਂ ਸੀ। ਇਸ ਨਾਲ ਲੁਟੇਰਿਆਂ ਨੂੰ ਕੰਪਨੀ ਦੇ ਅੰਦਰ ਵੜਨ 'ਚ ਮਦਦ ਮਿਲੀ ਹੈ। ਸੈਂਸਰ ਸਿਸਟਮ ਨੂੰ ਅੰਗੂਠੇ ਜਾਂ ਡਿਜੀਟਲ ਕਾਰਡ ਨਾਲ ਖੋਲ੍ਹਿਆ ਜਾਣਾ ਚਾਹੀਦਾ ਹੈ। ਜੇਕਰ ਕੋਈ ਸੈਂਸਰ ਸਿਸਟਮ ਨਾਲ ਛੇੜਛਾੜ ਕਰਦਾ ਹੈ ਤਾਂ ਤੁਰੰਤ ਸਾਇਰਨ ਦੀ ਆਵਾਜ਼ ਆਉਣੀ ਚਾਹੀਦੀ ਹੈ, ਪਰ ਜਦੋਂ ਲੁਟੇਰਿਆਂ ਨੇ ਤਾਰਾਂ ਕੱਟ ਦਿੱਤੀਆਂ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸੂਚਨਾ ਉੱਚ ਅਧਿਕਾਰੀਆਂ ਜਾਂ ਪੁਲਿਸ ਕੰਟਰੋਲ ਤੱਕ ਨਹੀਂ ਪਹੁੰਚ ਸਕੀ।