ਲੁਧਿਆਣਾ :ਅੱਜ ਦੇ ਸਮੇਂ ਹਰ ਕੋਈ ਇੱਕ ਦੂਜੇ ਤੋਂ ਅੱਗੇ ਵਧਣ ਦੀ ਦੌੜ ਵਿਚ ਹੈ। ਪੜ੍ਹਾਈ ਜੀਵਨ ਲਈ ਜ਼ਰੂਰੀ ਹੈ, ਪਰ ਹੁਣ ਬੱਚੇ ਅਤੇ ਬੱਚਿਆਂ ਦੇ ਮਾਤਾ ਪਿਤਾ ਇਸ ਨੂੰ ਇਕ ਮੁਕਾਬਲੇ ਵਾਂਗ ਦੇਖ ਰਹੇ ਹਨ ਤੇ ਉਸੇ ਤਰ੍ਹਾਂ ਅੱਗੇ ਵਧਣ ਲਈ ਯਤਨ ਕਰਦੇ ਆ ਰਹੇ ਹਨ। ਇੰਨਾ ਹੀ ਨਹੀਂ ਬਹੁਤ ਸਾਰੇ ਬੱਚੇ ਅਜਿਹੇ ਵੀ ਹਨ ਜੋ 10ਵੀਂ ਅਤੇ ਬਾਹਰਵੀਂ ਜਮਾਤ ਕਰਨ ਤੋਂ ਬਾਅਦ ਅਕਸਰ ਹੀ ਦੁਚਿੱਤੀ 'ਚ ਫਸ ਜਾਂਦੇ ਹਨ। ਪਰ ਹੁਣ ਲੁਧਿਆਣਾ ਕੇਅਰ ਸੰਸਥਾ ਵੱਲੋਂ ਇਹਨਾਂ ਬੱਚਿਆਂ ਨੂੰ ਭਵਿੱਖ ਵਿਚ ਕਾਮਯਾਬ ਹੋਣ ਲਈ ਸਹੀ ਰਾਹ ਦਿਖਾਇਆ ਜਾ ਰਿਹਾ ਹੈ| ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਜਵਦੀ 'ਚ ਸੰਸਥਾ ਦੀਆਂ 2 ਮੈਂਬਰਾਂ ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਉਨ੍ਹਾ ਨੂੰ ਨਵੇਂ ਕਿੱਤਾਮੁਖੀ ਕੋਰਸਾਂ, ਉਨ੍ਹਾ ਦੀਆਂ ਫੀਸਾਂ ਉਨ੍ਹਾ ਦੇ ਫਾਇਦਿਆਂ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਇਹ ਬੱਚੇ ਅੱਗੇ ਜਾ ਕੇ ਆਪਣੀ ਪੜ੍ਹਾਈ ਅਤੇ ਆਪਣੇ ਰੁਝਾਨ ਮੁਤਾਬਿਕ ਆਪਣਾ ਕਿੱਤਾ ਚੁਣ ਸਕਣ ਅਤੇ ਕਾਮਯਾਬ ਹੋਣ।
ਵਿਦਿਆਰਥੀ ਆਪਣਾ ਸੁਨਹਿਰਾ ਭਵਿੱਖ ਬਣਾਉਣ:ਜ਼ਿਆਦਤਰ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੇ ਭਵਿੱਖ ਵਿਚ ਕਰਨਾ ਕੀ ਹੈ। ਇਹ ਵਿਦਿਆਰਥੀ ਆਰਥਿਕ ਪੱਖ ਤੋਂ ਕਮਜ਼ੋਰ ਹੁੰਦੇ ਹੋਏ ਉਚੇਰੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ। ਕਿਉਂਕਿ ਉਨ੍ਹਾਂ ਨੂੰ ਕਾਲਜਾਂ ਦੀਆਂ ਵਧੇਰੇ ਫੀਸਾਂ ਅਤੇ ਦਾਖਲਾ ਨਾ ਮਿਲਣ ਅਤੇ ਫਿਰ ਲੱਖਾਂ ਰੁਪਏ ਲਾਉਣ ਦੇ ਬਾਅਦ ਵੀ ਨੌਕਰੀ ਨਾ ਮਿਲਣ ਦਾ ਜੋਖ਼ਿਮ ਰਹਿੰਦਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਲਾਵਾਂ ਦਾ ਕਲੱਬ ਲੁਧਿਆਣਾ ਕੇਅਰ ਰਜਿਸਟਰਡ ਸਕੂਲਾਂ 'ਚ ਜਾ ਕੇ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਨੂੰ ਉਨ੍ਹਾ ਦੀ ਮਰਜ਼ੀ ਮੁਤਾਬਿਕ ਨਵੇਂ ਕਿੱਤਾਮੁਖੀ ਕੋਰਸ ਅਤੇ ਉਚੇਰੀ ਪੜਾਈ ਹਾਸਿਲ ਕਰਵਾਉਣ ਦੀ ਜਾਣਕਾਰੀ ਦੇ ਰਿਹਾ ਹੈ ਤਾਂ ਜੋ ਵਿਦਿਆਰਥੀ ਆਪਣਾ ਸੁਨਹਿਰਾ ਭਵਿੱਖ ਬਣਾ ਸਕਣ ਆਪਣਾ ਤੇ ਆਪਣੇ ਪਰਿਵਾਰ ਦਾ ਸੁਪਨਾ ਵੀ ਪੂਰਾ ਕਰ ਸਕਣ।
ਲੁਧਿਆਣਾ ਕੇਅਰ ਦੀਆਂ ਮਹਿਲਾਵਾਂ ਦੀ ਖਾਸੀਅਤ: ਲੁਧਿਆਣਾ ਕੇਅਰ ਸੰਸਥਾ ਦੇ ਵਿੱਚ ਸਾਰੇ ਹੀ 90 ਮੈਂਬਰ ਮਹਿਲਾਵਾਂ ਹਨ ਅਤੇ ਮਹਿਲਾਵਾਂ ਵੀ ਉਹ ਹਨ ਜੋ ਸਮਾਜ ਦੀ ਬਿਹਤਰ ਸਿਰਜਣਾ ਦੀ ਕਲਪਨਾ ਕਰਦੀਆਂ ਹਨ। ਇਹਨਾਂ ਮਹਿਲਾਵਾਂ ਵਿੱਚ ਕੁਝ ਸੇਵਾਮੁਕਤ ਡਾਕਟਰ, ਸੇਵਾਮੁਕਤ ਪ੍ਰੋਫੈਸਰ, ਪ੍ਰਿੰਸੀਪਲ ਅਤੇ ਕਈ ਹੋਰ ਉੱਚ ਅਹੁਦਿਆਂ 'ਤੇ ਰਹਿ ਚੁੱਕੀਆਂ ਹਨ। ਇਹ ਮਹਿਲਾਵਾਂ ਇਸ ਸੰਸਥਾ ਨਾਲ ਜੁੜ ਕੇ ਵਿਦਿਆਰਥੀਆਂ ਨੂੰ ਮੁਫ਼ਤ 'ਚ ਕੌਂਸਲਿੰਗ ਦੇਣ ਸਕੂਲਾਂ 'ਚ ਆਪ ਜਾਂਦੀਆਂ ਹਨ। ਇਸ ਦੇ ਨਾਲ ਹੀ ਸੈਮੀਨਾਰ ਵਿਚ ਮੁੰਡੇ ਅਤੇ ਕੁੜੀਆਂ ਦੋਹਾਂ ਨੂੰ ਹੀ ਜਾਗਰੂਕ ਕਰਨ 'ਚ ਅਹਿਮ ਰੋਲ ਅਦਾ ਕਰ ਰਹੀਆਂ ਹਨ। ਜਾਣਕਾਰੀ ਮੁਤਾਬਿਕ ਲੁਧਿਆਣਾ ਕੇਅਰ ਦੇ ਮੈਂਬਰਾਂ ਵੱਲੋਂ ਹੁਣ ਤੱਕ 1800 ਦੇ ਕਰੀਬ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਚੁਕਿਆ ਹੈ। ਕਿ ਉਹ ਸਿੱਖਿਆ ਕਿੱਥੋਂ ਹਾਸਿਲ ਕਰਨ? ਬਾਹਰਵੀਂ ਤੋਂ ਬਾਅਦ ਬੱਚੇ ਕਿੱਤਾ ਕਿਹੜਾ ਚੁਣਨ ਇਸ ਬਾਰੇ ਜਾਗਰੂਕ ਕੀਤਾ।