ਲੁਧਿਆਣਾ:ਸਿਕੰਦਰ ਬਾਡੀ ਬਿਲਡਿੰਗ ਦਾ ਸਿਕੰਦਰ ਤਾਂ ਬਣ ਚੁੱਕਾ ਹੈ, ਪਰ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਆਪਣੀ ਨਿੱਜੀ ਜਿੰਦਗੀ ਦਾ ਸਿਕੰਦਰ ਨਹੀਂ ਬਣ ਸਕਿਆ ਹੈ। ਸਿਕੰਦਰ ਹੁਣ ਤੱਕ ਕਈ ਬਾਡੀ ਬਿਲਡਿੰਗ ਮੁਕਾਬਲੇ ਫਤਿਹ ਕਰ ਚੁੱਕਾ ਹੈ । ਹੁਣ ਉਸ ਦਾ ਨਾਂ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ, ਕਿਉਂਕਿ ਉਸ ਨੇ ਹੁਣ ਤੱਕ ਸਭ ਤੋਂ ਵੱਧ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਇਹ ਨਾਮ ਖੱਟਿਆ ਹੈ। ਇਸ ਤੋਂ ਪਹਿਲਾਂ ਉਸ ਦਾ ਨਾਂ ਸਾਲ 2022 'ਚ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਇਆ ਸੀ।ਸਿਕੰਦਰ ਵਰਲਡ ਬੁੱਕ ਆਫ਼ ਰਿਕਾਰਡ ਦੇ ਵਿੱਚ ਵੀ ਆਪਣਾ ਨਾਂ ਦਰਜ ਕਰ ਚੁੱਕਾ ਹੈ।
ਸਿਕੰਦਰ ਦਾ ਸੰਘਰਸ਼:ਗਰੀਬ ਪਰਿਵਾਰ ਹੋਣ ਦੇ ਬਾਵਜੂਦ ਅੱਜ ਵੀ ਸਿਕੰਦਰ ਸੰਘਰਸ਼ ਕਰ ਰਿਹਾ ਹੈ। ਸਿਕੰਦਰ ਦੇ ਪਿਤਾ ਦੀ ਘੱਟ ਉਮਰ ਵਿੱਚ ਹੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਉਸ ਦੀ ਮਾਤਾ ਅਤੇ ਵੱਡੀ ਭੈਣ ਨੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਿਆ। ਭਰਾ ਨੂੰ ਬਾਡੀ ਬਿਲਡਿੰਗ ਦਾ ਸ਼ੌਂਕ ਸੀ 14 ਸਾਲ ਦੀ ਉਮਰ ਵਿਚ ਸ਼ੁਰੂਆਤ ਕੀਤੀ। ਵੇਖਦਿਆਂ-ਵੇਖਦਿਆਂ ਹੀ ਸਿਕੰਦਰ ਬਾਡੀ ਬਿਲਡਿੰਗ ਦਾ ਸਿਕੰਦਰ ਬਣ ਗਿਆ।
ਮੈਡਲਾਂ ਨਾਲ ਭਰਿਆ ਘਰ: ਸਿਕੰਦਰ ਹੁਣ ਤੱਕ ਦੋ ਵਾਰ ਮਿਸਟਰ ਪੰਜਾਬ ਰਨਰਅੱਪ, ਦੋ ਵਾਰ ਮਿਸਟਰ ਲੁਧਿਆਣਾ, ਤਿੰਨ ਵਾਰ ਮਿਸਟਰ ਇੰਡੀਆ ਦੇ ਵਿਚ ਮੈਡਲ, ਨੈਸ਼ਨਲ ਦੇ ਵਿੱਚ ਦਰਜਨਾਂ ਮੈਡਲ ਹਾਸਿਲ ਕਰ ਚੁੱਕਾ ਹੈ ।ਉਸ ਦਾ ਛੋਟਾ ਜਿਹਾ ਘਰ ਮੈਡਲ ਅਤੇ ਟਰਾਫੀਆਂ ਨਾਲ ਭਰਿਆ ਹੋਇਆ ਹੈ, ਪਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਉਹ ਉਸ ਮੁਕਾਮ ਨੂੰ ਹਾਸਿਲ ਨਹੀਂ ਕਰ ਸਕਿਆ ਜਿਸ ਦਾ ਉਹ ਹੱਕਦਾਰ ਸੀ। ਸਿਕੰਦਰ ਅਣਗਿਣਤ ਮੈਡਲ ਹਾਸਿਲ ਕਰਨ ਦੇ ਬਾਵਜੂਦ ਵੀ ਅੱਜ ਗੁੰਮਨਾਮੀ ਦੀ ਜ਼ਿੰਦਗੀ ਜੀ ਰਿਹਾ ਹੈ। ਉਹ ਇੱਕ ਨਿਜੀ ਜਿੰਮ ਵਿਚ ਸਿਖਲਾਈ ਦੇ ਰਿਹਾ ਹੈ ਅਤੇ ਉਸ ਨਾਲ ਹੀ ਆਪਣੇ ਘਰ ਦਾ ਗੁਜਾਰਾ ਚਲਾਉਂਦਾ ਹੈ।
ਸਰਕਾਰਾਂ ਨੂੰ ਅਪੀਲ਼: ਸਿੰਕਦਰ ਅਤੇ ਉਸ ਦੀ ਭੈਣ ਪੂਨਮ ਆਪਣੇ ਘਰ ਦੇ ਹਾਲਤਾਂ ਕਾਰਨ ਬਹੁਤ ਪ੍ਰੇਸ਼ਾਨ ਹਨ।ਉਨ੍ਹਾਂ ਦੇ ਮਨ 'ਚ ਮਲਾਲ ਹੈ ਕਿ ਸਰਕਾਰਾਂ ਬਾਕੀ ਖੇਡਾਂ ਨੂੰ ਲਈ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ। ਜੇਤੂਆਂ ਖਿਡਾਰੀਆਂ ਲਈ ਵੱਡੇ-ਵੱਡੇ ਇਨਾਮ ਰੱਖੇ ਜਾਂਦੇ ਹਨ ਪਰ ਬਾਡੀ ਬਿਲਡਿੰਗ 'ਚ ਆਪਣਾ ਲੋਹਾ ਮਨਵਾਉਣ ਵਾਲੇ ਸਿਕੰਦਰ 'ਤੇ ਕਿਸੇ ਦੀ ਵੀ ਨਜ਼ਰ ਨਹੀਂ ਪਈ। ਸਿਕੰਦਰ ਦੇ ਘਰ ਦੇ ਹਾਲਾਤ ਜਿਉਂ ਦੇ ਤਿਉਂ ਹਨ। ਦੋਵਾਂ ਭੈਣ ਭਰਾਵਾਂ ਵੱਲੋਂ ਸਰਕਾਰ ਨੂੰ ਅਪੀਲ਼ ਕੀਤੀ ਗਈ ਹੈ ਕਿ ਬਾਡੀ ਬਿਲਡਿੰਗ ਦੇ ਨਾਲ-ਨਾਲ ਬਾਡੀ ਬਿਲਡਿੰਗ ਦੇ ਖਿਡਾਰੀਆਂ ਵੱਲੋਂ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਉਹ ਇਸ ਖੇਡ ਲਈ ਹੋਰ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਉਤਸ਼ਾਹਿਤ ਕਰ ਸਕਣ।