ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਝੋਨੇ ਦੇ ਬੀਜ ਦੀਆਂ ਦੋ ਕਿਸਮਾਂ ਅਥਾਰਿਟੀ ਵੱਲੋਂ ਪਾਸ ਕਰਨ ਤੋਂ ਪਹਿਲਾਂ ਹੀ ਲੀਕ ਹੋ ਜਾਣ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਬੀਜ ਘੋਟਾਲੇ ਮਾਮਲੇ ਦੇ ਵਿੱਚ ਮੁੜ ਤੋਂ ਲੁਧਿਆਣਾ ਵਿਖੇ ਖੇਤੀਬਾੜੀ ਅਫ਼ਸਰਾਂ ਵੱਲੋਂ ਬੀਜ ਦੀਆਂ ਦੁਕਾਨਾਂ 'ਤੇ ਚੈਕਿੰਗ ਮੁਹਿੰਮ ਚਲਾਈ ਗਈ, ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਹਰ ਬਣੀਆਂ ਬੀਜ ਦੀਆਂ ਦੁਕਾਨਾਂ 'ਤੇ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਗਈ ਅਤੇ ਸੈਂਪਲ ਲੈ ਕੇ ਗੁਰਦਾਸਪੁਰ ਲੈਬ 'ਚ ਭੇਜੇ ਗਏ।
ਲੁਧਿਆਣਾ ਦੇ ਚੀਫ ਐਗਰੀਕਲਚਰ ਅਫ਼ਸਰ ਨਰਿੰਦਰ ਪਾਲ ਭੈਣੀਵਾਲ ਨੇ ਦੱਸਿਆ ਕਿ ਬਰਾੜ ਬੀਜ ਸਟੋਰ ਦੇ ਖ਼ਿਲਾਫ਼ ਖੇਤੀਬਾੜੀ ਮਹਿਕਮੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਸਿਰਫ ਉਹ ਬਚਿਆ ਹੋਇਆ ਸਟਾਕ ਹੀ ਆਪਣੀ ਦੁਕਾਨ 'ਤੇ ਵੇਚ ਸਕਣਗੇ। ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਨਵਾਂ ਬੀਜ ਖਰੀਦਣ ਜਾਂ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ।