ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਠੱਲ੍ਹ ਪਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ, ਪਰੰਤੂ ਪ੍ਰਸ਼ਾਸਨ ਕੋਰੋਨਾ ਨੂੰ ਲੈ ਕੇ ਕਿੰਨਾ ਸੰਜੀਦਾ ਹੈ ਇਸ ਬਾਰੇ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਵਿੱਚ ਲੱਗ ਰਹੇ ਧਰਨਿਆਂ ਨੂੰ ਡੀਸੀ ਵੱਲੋਂ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ ਅਤੇ ਕੋਈ ਵੀ ਧਰਨਾ ਨਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਕੋਰੋਨਾ ਸਬੰਧੀ ਪ੍ਰਸ਼ਾਸਨ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਲੁਧਿਆਣਾ ਦੇ ਕਾਂਗਰਸੀ ਵਿਧਾਇਕਾਂ ਸਣੇ ਸਿਵਲ ਸਰਜਨ ਲੁਧਿਆਣਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵੀ ਪਹੁੰਚੇ। ਇਸ ਦੌਰਾਨ ਡੀਸੀ ਨੇ ਕੋਰੋਨਾ ਸਬੰਧੀ ਕਿਹਾ ਕਿ ਸ਼ਹਿਰ ਵਿੱਚ ਕੋਈ ਇਕੱਠ ਨਹੀਂ ਹੋ ਰਿਹਾ ਹੈ ਅਤੇ ਸਭ ਕੁੱਝ ਠੀਕ ਚੱਲ ਰਿਹਾ ਹੈ। ਜਦਕਿ ਦੂਜੇ ਪਾਸੇ ਲੁਧਿਆਣਾ ਵਿੱਚ ਰੋਜ਼ਾਨਾ ਪਾਰਟੀਆਂ ਦੇ ਧਰਨੇ ਲੱਗ ਰਹੇ ਹਨ ਅਤੇ ਮੰਗ ਪੱਤਰ ਦਿੱਤੇ ਜਾ ਰਹੇ ਹਨ, ਪਰੰਤੂ ਡਿਪਟੀ ਕਮਿਸ਼ਨਰ ਦੇ ਬਿਆਨ ਤੋਂ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਅੱਖਾਂ 'ਤੇ ਪੱਟੀ ਬੰਨ੍ਹ ਕੇ ਕੋਰੋਨਾ ਨਾਲ ਜੰਗ ਲੜ ਰਿਹਾ ਹੈ।