ਲੁਧਿਆਣਾ: ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਨਾਈਟ ਕਰਫਿਊ ਦੀ ਮਿਆਦ ਵਧਾ ਕੇ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰ ਦਿੱਤੀ ਹੈ। ਇਸ ਤੋਂ ਇਲਾਵਾ ਵੀਕੈਂਡ ਅਤੇ ਸ਼ਨੀਵਾਰ ਅਤੇ ਐਤਵਾਰ ਦੋਵੇਂ ਦਿਨ ਮੁਕੰਮਲ ਲੌਕਡਾਊਨ ਰਹੇਗਾ। ਉੱਥੇ ਹੀ ਜੇਕਰ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ 833 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 15 ਮਰੀਜ਼ਾਂ ਦੀ ਬੀਤੇ ਦਿਨ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਹਸਪਤਾਲ ਵਿੱਚ ਹਾਲੇ ਵੀ 1000 ਤੋਂ ਵੱਧ ਕੋਰੋਨਾ ਵਾਇਰਸ ਦੇ ਮਰੀਜ਼ ਭਰਤੀ ਹਨ ਜਿਨ੍ਹਾਂ ਨੂੰ ਆਕਸੀਜਨ ਲਗਾਈ ਗਈ ਹੈ। ਅਤੇ 24 ਮਰੀਜ਼ ਅਜਿਹੇ ਨੇ ਜਿਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ।
ਬੀਤੇ ਦਿਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿੱਚ ਇਕ ਪਤਨੀ ਆਲਟੋ ਵਿੱਚ ਆਪਣੇ ਕੋਰੋਨਾ ਪੀੜਤ ਮ੍ਰਿਤਕ ਪਤੀ ਨੂੰ ਲੈ ਕੇ ਢੋਲੇਵਾਲ ਪਹੁੰਚੀ। ਜਦੋਂ ਕਿ ਇੱਕ ਕੋਰੋਨਾ ਲਾਸ਼ ਨੂੰ ਰੇਹੜੇ ਉੱਤੇ ਲਿਆਂਦਾ ਗਿਆ ਜਿਸ ਤੋਂ ਬਾਅਦ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤੀ ਕਰਦਿਆਂ ਲੁਧਿਆਣਾ ਦੇ ਸਾਰੇ ਸ਼ਮਸ਼ਾਨ ਘਾਟਾਂ ਵਿਚ ਕੋਰੋਨਾ ਲਾਸ਼ਾਂ ਦਾ ਸਸਕਾਰ ਕਰਨ ਦੇ ਸਖ਼ਤ ਹੁਕਮ ਜਾਰੀ ਕਰ ਦਿੱਤੇ। ਅਜਿਹਾ ਨਾ ਕਰਨ ਉੱਤੇ ਇਨ੍ਹਾਂ ਸ਼ਮਸ਼ਾਨਘਾਟਾਂ ਦੀ ਵਾਲ ਬਾਂਡਰੀ ਤੋੜਨ ਅਤੇ ਦਰਵਾਜ਼ਾ ਤੋੜਨ ਤੱਕ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।