ਲੁਧਿਆਣਾ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖਰਾ ਹੀ ਘਮਾਸਾਨ ਮਚ ਗਿਆ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸੂਬਾ ਇਕਾਈ ਨੇ ਅਸਹਿਮਤੀ ਜਤਾਈ ਹੈ, ਉੱਥੇ ਹੀ ਦੂਜੇ ਲੰਮੇ ਸਮੇਂ ਤੋਂ ਸਲੀਪਿੰਗ ਮੋਡ 'ਤੇ ਗਏ ਨਵਜੋਤ ਸਿੰਘ ਸਿੱਧੂ ਦੇ ਇੱਕ ਟਵੀਟ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਖਲਬਲੀ ਮਚਾ ਦਿੱਤੀ ਹੈ। ਦੇਸ਼ ਦੇ ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ 2024 ਲਈ ਤਿਆਰ ਹੋਇਆ ਗੈਰ ਐਨਡੀਏ ਪਾਰਟੀਆਂ ਦੇ ਇੰਡੀਆ ਗੱਠਜੋੜ ਦੇ ਹੱਕ ਵਿੱਚ ਨਵਜੋਤ ਸਿੱਧੂ ਦੇ ਟਵੀਟ ਨੇ ਹਾਈ ਕਮਾਂਡ ਦੇ ਪ੍ਰਤੀ ਵਫ਼ਾਦਾਰੀ ਦਾ ਫਿਰ ਤੋਂ ਸਬੂਤ ਦਿੱਤਾ ਹੈ। ਉਧਰ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੇ ਜਾ ਰਹੇ ਬਿਆਨਾਂ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।
ਕਾਂਗਰਸ ਚ ਫੁੱਟ: ਮਸਲਾ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਕੇਰਲ ਅਤੇ ਪੱਛਮੀ ਬੰਗਾਲ ਦੇ ਵਿੱਚ ਵੀ ਕਾਂਗਰਸ ਦੇ ਨਾਲ ਸੂਬਾਈ ਪਾਰਟੀਆਂ ਦਾ ਆਪਸੀ ਸਹਿਮਤੀ ਨਾ ਬਣਨਾ ਵੀ ਗੱਠਜੋੜ ਇੰਡੀਆ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਮੁੜ ਤੋਂ ਦੋਫਾੜ ਹੋਣੀ ਸ਼ੁਰੂ ਹੋ ਚੁੱਕੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਾਂਗਰਸ ਦੋਫਾੜ ਹੋਈ ਹੋਵੇ, ਅਕਸਰ ਹੀ ਚੋਣਾਂ ਵਿੱਚ ਚੌਧਰ ਅਤੇ ਰੈਂਕ ਇੱਕ ਦੋ ਨੂੰ ਲੈ ਕੇ ਕਾਂਗਰਸ ਵਿਚਕਾਰ ਆਪਸੀ ਖਾਨਾਜੰਗੀ ਜੱਗ ਜਾਹਿਰ ਹੁੰਦੀ ਰਹੀ ਹੈ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕੇ ਪੰਜਾਬ ਕਾਂਗਰਸ ਦੇ ਵਿੱਚ ਸਭ ਠੀਕ ਹੋ ਗਿਆ ਹੈ, ਪਰ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਪ੍ਰਧਾਨਗੀ ਰਾਜਾ ਵੜਿੰਗ ਕੋਲ ਆਉਣ ਅਤੇ ਵਿਰੋਧੀ ਧਿਰ ਦਾ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਏ ਜਾਣ ਤੋਂ ਬਾਅਦ ਕਾਂਗਰਸ ਵਿਚਕਾਰ ਚੱਲ ਰਹੀ ਖ਼ਾਨਾਜੰਗੀ 'ਚ ਬਲਦੀ ਦੇ ਵਿੱਚ ਤੇਲ ਦਾ ਕੰਮ ਕੀਤਾ ਹੈ।
ਸਿੱਧੂ ਦਾ ਟਵੀਟ: ਹਾਲਾਂਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਸਾਫ ਕਰ ਦਿੱਤਾ ਹੈ ਕਿ ਸਾਨੂੰ ਹਾਈਕਮਾਨ ਨੇ ਫਿਲਹਾਲ ਲੋਕ ਸਭਾ ਦੀਆਂ 13 ਸੀਟਾਂ 'ਤੇ ਹੀ ਪੰਜਾਬ ਦੇ ਅੰਦਰ ਤਿਆਰੀ ਕਰਨ ਦੇ ਲਈ ਕਿਹਾ ਹੈ, ਅੰਤਿਮ ਫੈਸਲਾ ਹਾਲਾਂਕਿ ਹਾਈ ਕਮਾਨ ਦਾ ਹੋਵੇਗਾ। ਫਿਲਹਾਲ ਸਾਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਨੂੰ ਲੈ ਕੇ ਸੀਟਾਂ ਦੀ ਵੰਡ 'ਤੇ ਕਾਂਗਰਸੀ ਆਗੂ ਬੈਕਫੁੱਟ 'ਤੇ ਹਨ, ਉਥੇ ਹੀ ਪ੍ਰਤਾਪ ਸਿੰਘ ਬਾਜਵਾ ਕਈ ਵਾਰ ਇਹ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸਾਨੂੰ ਗੱਠਜੋੜ ਦੀ ਲੋੜ ਨਹੀਂ ਹੈ ਕਿਉਂਕਿ ਕਾਂਗਰਸ ਇੱਥੇ ਮਜਬੂਤ ਅਤੇ ਆਮ ਆਦਮੀ ਪਾਰਟੀ ਕਮਜ਼ੋਰ ਹੁੰਦੀ ਜਾ ਰਹੀ ਹੈ। ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਇੱਕ ਟਵੀਟ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਖਲਬਲੀ ਮਚਾ ਦਿੱਤੀ ਹੈ। ਨਵਜੋਤ ਸਿੱਧੂ ਨੇ ਸਾਫ ਕਿਹਾ ਹੈ ਕਿ ਆਉਣ ਵਾਲੀ ਪੀੜ੍ਹੀ ਅਤੇ ਸੰਵਿਧਾਨ ਦੀ ਰੱਖਿਆ ਦੇ ਲਈ ਅਤੇ ਲੋਕਤੰਤਰ ਦੀ ਬਿਹਤਰੀ ਦੇ ਲਈ ਗੱਠਜੋੜ ਇੰਡੀਆ ਬੇਹੱਦ ਜਰੂਰੀ ਹੈ।