ਲੁਧਿਆਣਾ:ਇੱਕ ਵਾਰ ਫਿਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਆਪਸੀ ਖਿੱਚੋਤਾਣ ਨਜ਼ਰ ਆ ਰਹੀ ਹੈ। ਇਹ ਇੰਡੀਆ ਗੱਠਜੋੜ ਨੂੰ ਲੈ ਕੇ ਪਾਰਟੀ ਦੇ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਬਾਅਦ ਸਾਹਮਣੇ ਆਇਆ ਹੈ। ਉੱਥੇ ਹੀ ਇੰਡੀਆ ਗੱਠਜੋੜ ਦੇ ਹੱਕ ਵਿੱਚ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਖਿਲਾਫ ਵੀ ਕਾਂਗਰਸੀਆਂ ਵੱਲੋਂ ਮੋਰਚਾ ਖੁੱਲ੍ਹਦਾ ਨਜ਼ਰ ਆ ਰਿਹਾ ਹੈ। ਇਸ ਨੂੰ ਲੈਕੇ ਜਿਥੇ ਬੀਤੇ ਦਿਨ ਵੀ ਜਗਰਾਉਂ ਹਲਕੇ ਵਿੱਚ ਹੋਈ ਰੈਲੀ ਵਿੱਚ ਜਿੱਥੇ ਕਾਂਗਰਸੀ ਇੰਡੀਆ ਗੱਠਜੋੜ ਖਿਲਾਫ ਬੋਲਦੇ ਨਜ਼ਰ ਆਏ ਤਾਂ ਉੱਥੇ ਹੀ ਬਿਨਾਂ ਨਾਮ ਲਏ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਉਪਰ ਨਿਸ਼ਾਨਾ ਵੀ ਸਾਧਿਆ ਸੀ। ਇਸ ਦੇ ਨਾਲ ਹੀ ਜਦੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ 'ਚ ਇੰਡੀਆ ਗੱਠਜੋੜ ਸਬੰਧੀ ਸਵਾਲ ਕੀਤਾ ਗਿਆ ਤਾਂ ਉਹ ਵੀ ਗੱਠਜੋੜ ਦੇ ਖਿਲਾਫ਼ ਭੁਗਤਦੇ ਦਿਖਾਈ ਦਿੱਤੇ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਇੰਡੀਆ ਗੱਠਜੋੜ ਦੀ ਥਾਂ ਇਕੱਲਿਆਂ ਚੋਣ ਲੜਨ ਦੀ ਗੱਲ ਕਰਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਵੀ ਬਿਆਨ ਦਿੱਤਾ।
ਇੰਡੀਆ ਗੱਠਜੋੜ ਨੂੰ ਲੈਕੇ ਸਾਬਕਾ ਮੰਤਰੀ ਦੀ ਨਾਂਹ: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਦੀਆਂ ਕਾਂਗਰਸ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਇੰਡੀਆ ਗੱਠਜੋੜ ਨੂੰ ਲੈ ਕੇ ਕੋਰੀ ਨਾਂਹ ਪ੍ਰਗਟਾਈ ਅਤੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਇਕੱਲੀਆਂ ਹੀ ਲੋਕ ਸਭਾ ਚੋਣ ਲੜੇਗੀ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਗੱਠਜੋੜ ਹੁੰਦਾ ਹੈ ਤਾਂ ਇਸ ਦੇ ਨਤੀਜੇ ਸਾਰਥਕ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਵਿਰੋਧੀ ਧਿਰ 'ਚ ਹੈ ਤਾਂ ਆਪਣਾ ਰੋਲ ਵੀ ਵਿਰੋਧੀ ਧਿਰ ਵਾਲਾ ਹੀ ਨਿਭਾਏਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਕੇਂਦਰ 'ਚ ਆਪਣੀਆਂ ਏਜੰਸੀਆਂ ਵਰਤ ਕੇ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤਾਂ ਉਸ ਤਰ੍ਹਾਂ ਹੀ ਪੰਜਾਬ ਦੀ ਸਰਕਾਰ ਵੀ ਆਪਣੀ ਏਜੰਸੀ ਵਿਜੀਲੈਂਸ ਨੂੰ ਵਰਤ ਰਹੀ ਹੈ। ਇਸ ਲਈ ਜੇ ਭਾਜਪਾ ਦਾ ਉਥੇ ਵਿਰੋਧ ਜ਼ਰੂਰੀ ਹੈ ਤਾਂ ਇਥੇ ਇੰਨ੍ਹਾਂ ਦਾ ਵਿਰੋਧ ਵੀ ਜ਼ਰੂਰੀ ਹੈ।