ਪੰਜਾਬ

punjab

ETV Bharat / state

Punjab Political Alliance: ਪੰਜਾਬ 'ਚ ਸਿਆਸੀ ਸਮਝੌਤੇ 'ਤੇ ਫਸਿਆ AAP ਦਾ ਕਾਂਗਰਸ ਅਤੇ ਭਾਜਪਾ ਦਾ ਅਕਾਲੀ ਦਲ ਨਾਲ ਪੇਚ!, ਦੇਖੋ ਖਾਸ ਰਿਪੋਰਟ

ਲੋਕ ਸਭਾ ਚੋਣਾਂ ਤੋਂ ਪਹਿਲਾਂ ਇੰਡੀਆ ਗੱਠਜੋੜ ਦੀਆਂ ਸੰਭਾਵਨਾਵਾਂ ਜਿਥੇ ਤੇਜ਼ ਹਨ ਤਾਂ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਵੀ ਚਰਚਾਵਾਂ ਹਨ। ਪੰਜਾਬ ਕਾਂਗਰਸ ਜਿਥੇ ਇਸ ਗੱਠਜੋੜ ਤੋਂ ਪਾਸਾ ਵੱਟ ਰਹੀ ਹੈ ਤਾਂ ਉਥੇ ਹੀ ਅਕਾਲੀ ਦਲ ਅਤੇ ਭਾਜਪਾ ਵੀ ਗੱਠਜੋੜ ਦੀਆਂ ਕਿਆਸਰਾਈਆਂ 'ਤੇ ਬ੍ਰੁਕ ਲਗਾ ਰਹੇ ਹਨ।

ਸਿਆਸੀ ਸਮਝੌਤੇ 'ਤੇ ਫਸਿਆ ਪੇਚ
ਸਿਆਸੀ ਸਮਝੌਤੇ 'ਤੇ ਫਸਿਆ ਪੇਚ

By ETV Bharat Punjabi Team

Published : Dec 24, 2023, 11:10 AM IST

ਸਿਆਸੀ ਆਗੂ ਗੱਠਜੋੜ ਨੂੰ ਲੈਕੇ ਆਪਣਾ ਪੱਖ ਰੱਖਦੇ ਹੋਏ

ਲੁਧਿਆਣਾ: ਪੰਜਾਬ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮਝੌਤਿਆਂ ਨੂੰ ਲੈ ਕੇ ਭੁਚਾਲ ਆ ਗਿਆ ਹੈ। ਇੱਕ ਪਾਸੇ ਜਿੱਥੇ ਇੰਡੀਆ ਗੱਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਕਿਆਸਰਾਈਆਂ 'ਤੇ ਵੀ ਭਾਜਪਾ ਦੇ ਆਗੂਆਂ ਨੇ ਫਿਲਹਾਲ ਪਾਣੀ ਫੇਰ ਦਿੱਤਾ ਹੈ। ਸਿਆਸੀ ਸਮਝੌਤਿਆਂ ਦੇ ਇਹ ਗਠਜੋੜ ਪੰਜਾਬ ਦੇ ਸਿਆਸਤਦਾਨਾਂ ਨੂੰ ਰਾਸ ਨਹੀਂ ਆ ਰਹੇ। ਕਾਂਗਰਸ ਨੇ ਜਗਰਾਓਂ 'ਚ ਖੁੱਲ੍ਹੇ ਮੰਚ ਤੋਂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨੇ ਵੀ ਆਪਣਾ ਸਟੈਂਡ ਸਾਫ ਕੀਤਾ ਹੈ। ਬੀਤੇ ਦਿਨੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਸਮੇਤ ਪੰਜਾਬ ਦੀਆਂ 13 ਸੀਟਾਂ ਨੂੰ ਮਿਲਾ ਕੇ ਕੁੱਲ 14 ਸੀਟਾਂ 'ਤੇ ਹੀ ਚੋਣ ਲੜਨ ਦਾ ਦਾਅਵਾ ਕੀਤਾ ਹੈ। ਉੱਥੇ ਹੀ ਵਿਰੋਧੀ ਪਾਰਟੀਆਂ ਦੇ ਆਗੂ ਇਸ ਬਿਆਨਾਂ 'ਤੇ ਚੁਟਕੀ ਲੈ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ ਹੈ ਕਿ ਕਾਂਗਰਸ ਦੇ ਆਗੂ ਜਿੰਨਾ ਮਰਜ਼ੀ ਰੌਲਾ ਪਾ ਲੈਣਾ ਪਰ ਹਾਈਕਮਾਨ ਦੀ ਮਰਜ਼ੀ ਦੇ ਅੱਗੇ ਉਹਨਾਂ ਨੂੰ ਝੁਕਣਾ ਪਵੇਗਾ ਕਿਉਂਕਿ ਇਹ ਲੋਕ ਸਭਾ ਦੀਆਂ ਸੀਟਾਂ 14 ਤੋਂ 28 ਤਾਂ ਨਹੀਂ ਹੋ ਸਕਦੀਆਂ।

ਇੰਡੀਆ ਗੱਠਜੋੜ:ਕੇਂਦਰ ਦੇ ਵਿੱਚ ਐਨਡੀਏ ਨੂੰ ਟੱਕਰ ਦੇਣ ਲਈ ਇੰਡੀਆ ਗੱਠਜੋੜ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਪਰ ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਵੱਖਰੇ ਹੋਣ ਕਰਕੇ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੋਤੇ ਦੇ ਲਈ ਤਿਆਰ ਨਹੀਂ ਹੈ। ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਪ੍ਰਗਟ ਸਿੰਘ ਲਗਾਤਾਰ ਇਸ ਗੱਠਜੋੜ ਦਾ ਵਿਰੋਧ ਕਰ ਰਹੇ ਹਨ। ਖਾਸ ਕਰਕੇ ਭਾਰਤ ਭੂਸ਼ਣ ਆਸ਼ੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਸਮਝੌਤਾ ਕਰਦੀ ਹੈ ਤਾਂ ਇਸ ਤੋਂ ਚੰਗਾ ਇਹੀ ਹੈ ਕਿ ਕਾਂਗਰਸ ਦੇ ਆਗੂ ਘਰ ਹੀ ਬੈਠ ਜਾਣ। ਕਾਬਿਲੇਗੌਰ ਹੈ ਕੀ ਭਾਰਤ ਭੂਸ਼ਣ ਆਸ਼ੂ ਹਾਲ ਹੀ ਦੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਜੇਲ੍ਹ ਕੱਟ ਕੇ ਆਏ ਹਨ। ਬੀਤੇ ਦਿਨ ਜਗਰਾਓਂ ਦੇ ਵਿੱਚ ਧਰਨੇ ਦੇ ਦੌਰਾਨ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਇਨ੍ਹਾਂ ਨਾਲ ਸਮਝੌਤਾ ਕਰਨਾ ਠੀਕ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ 1990 ਤੋਂ ਚਲਦਾ ਆ ਰਿਹਾ ਹੈ, ਪਹਿਲੀ ਵਾਰ ਹੋਵੇਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ 30 ਸਾਲ ਬਾਅਦ ਲੋਕ ਸਭਾ ਚੋਣਾਂ ਭਾਜਪਾ ਦੇ ਬਿਨਾਂ ਲੜੇਗਾ। ਭਾਜਪਾ ਦੇ ਸੂਬਾ ਜਰਨਲ ਸਕਤੱਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਨਾਲ ਫਿਲਹਾਲ ਗੱਠਜੋੜ ਦੇ ਕੋਈ ਵੀ ਕਿਆਸ ਨਹੀਂ ਹਨ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਸਾਫ ਕਿਹਾ ਹੈ ਕਿ ਸਾਡਾ ਪੰਜਾਬ ਦੇ ਵਿੱਚ ਬਹੁਜਨ ਸਮਾਜਵਾਦੀ ਪਾਰਟੀ ਦੇ ਨਾਲ ਗੱਠਜੋੜ ਚੱਲ ਰਿਹਾ ਹੈ ਅਤੇ 2024 ਲੋਕ ਸਭਾ ਦੇ ਵਿੱਚ ਵੀ ਇਹੀ ਗੱਠਜੋੜ ਰਹੇਗਾ। ਸ਼੍ਰੋਮਣੀ ਅਕਾਲੀ ਦਲ ਨੇ ਸਾਫ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਗੱਠਜੋੜ ਸਿਆਸੀ ਸਿਧਾਂਤਾਂ ਦੇ ਕਰਕੇ ਕੀਤਾ ਗਿਆ ਸੀ ਅਤੇ ਅਕਾਲੀ ਦਲ ਅੱਜ ਵੀ ਆਪਣੇ ਸਿਧਾਂਤਾਂ 'ਤੇ ਪੂਰੀ ਤਰ੍ਹਾਂ ਕਾਇਮ ਹੈ। ਹਾਲਾਂਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੀਆਂ ਕਿਆਸਰਾਈਆਂ 'ਤੇ ਪਿੱਛਲੇ ਦਿਨੀ ਅਮਿਤ ਸ਼ਾਹ ਦਾ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਆਏ ਬਿਆਨ ਨੇ ਵੀ ਸਪੱਸ਼ਟ ਕਰ ਦਿੱਤਾ ਸੀ, ਕਿਉਂਕਿ ਅਮਿਤ ਸ਼ਾਹ ਨੇ ਰਾਜੋਆਣਾ ਦੀ ਫਾਂਸੀ ਦੀ ਮੁਆਫੀ 'ਤੇ ਚੱਲ ਰਹੇ ਪੰਥਕ ਏਜੰਡੇ ਨੂੰ ਲੈ ਕੇ ਕਿਹਾ ਸੀ ਕਿ ਜਦੋਂ ਤੱਕ ਕੋਈ ਖੁਦ ਮੁਆਫੀ ਨਹੀਂ ਮੰਗਦਾ ਤਾਂ ਉਦੋਂ ਤੱਕ ਉਸ ਨੂੰ ਮੁਆਫੀ ਦੇਣਾ ਸਹੀ ਨਹੀਂ ਹੈ।

ਪਰਮਿੰਦਰ ਬਰਾੜ, ਭਾਜਪਾ ਆਗੂ

ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਜਾਤ-ਪਾਤ ਦੇ ਨਾਮ 'ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਜਿੰਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਤੇ ਦੇਸ਼ ਮੋਦੀ ਜੀ ਦੀ ਅਗਵਾਈ 'ਚ ਅੱਗੇ ਵੱਧ ਰਿਹਾ। ਇੰਡੀਆ ਗੱਠਜੋੜ ਦਾ ਮਕਸਦ ਵੀ ਸਿਰਫ਼ ਸੱਤਾ ਹਾਸਲ ਕਰਨਾ ਹੈ, ਜਦਕਿ ਪ੍ਰਧਾਨ ਮੰਤਰੀ ਮੋਦੀ 'ਤੇ ਕੋਈ ਇੱਕ ਰੁਪਏ ਦੇ ਘਪਲੇ ਦਾ ਵੀ ਇਲਜ਼ਾਮ ਨਹੀਂ ਲਗਾ ਸਕਦਾ, ਜਦਕਿ 'ਆਪ' ਅਤੇ ਕਾਂਗਰਸ ਦੇ ਲੀਡਰਾਂ 'ਤੇ ਕਰੋੜਾਂ ਰੁਪਏ ਦੇ ਇਲਜ਼ਾਮ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਵੀ ਕੋਈ ਗੁੰਜਾਇਸ਼ ਨਹੀਂ, ਇੰਨ੍ਹਾਂ ਨੂੰ ਡਰ ਰਹਿੰਦਾ ਕਿ ਸਾਡੇ ਲੀਡਰ ਨਾ ਭੱਜ ਜਾਣ, ਜਿਸ ਕਾਰਨ ਥੋੜੇ ਦਿਨਾਂ ਬਾਅਦ ਸ਼ਗੂਫਾ ਛੱਡ ਦਿੰਦੇ ਹਨ।-ਪਰਮਿੰਦਰ ਬਰਾੜ, ਭਾਜਪਾ ਆਗੂ

'ਆਪ' ਦਾ ਸਟੈਂਡ: ਹਾਲਾਂਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਇੰਡੀਆ ਗੱਠਜੋੜ ਦਾ ਗਠਨ ਜ਼ਰੂਰ ਕੀਤਾ ਗਿਆ ਹੈ ਪਰ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਮਜਬੂਤ ਹਾਂ। 2022 ਵਿਧਾਨ ਸਭਾ ਚੋਣਾਂ 'ਚ ਉਹਨਾਂ ਨੂੰ 92 ਸੀਟਾਂ ਮਿਲੀਆਂ ਸਨ। ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਗੱਠਜੋੜ ਦੀ ਲੋੜ ਨਹੀਂ, ਬੀਤੇ ਦਿਨੀ ਪੰਜਾਬ ਦੌਰੇ 'ਤੇ ਆਏ ਅਰਵਿੰਦ ਕੇਜਰੀਵਾਲ ਨੇ ਵੀ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ 'ਤੇ ਚੋਣ ਲੜਨ ਦੀ ਗੱਲ ਕਹੀ ਸੀ। ਉਹਨਾਂ ਕਿਹਾ ਸੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਆਪਣਾ ਉਮੀਦਵਾਰ ਖੜਾ ਕਰਾਂਗੇ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨਾਲ ਜਦੋਂ ਇਸ ਗੱਠਜੋੜ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਹਾਈ ਕਮਾਂਡ ਦਾ ਫੈਸਲਾ ਹੈ, ਹਾਈ ਕਮਾਨ ਜੋ ਵੀ ਫੈਸਲਾ ਕਰੇਗਾ ਉਹਨਾਂ ਨੂੰ ਸਿਰ ਮੱਥੇ ਹੋਵੇਗਾ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਇੰਡੀਆ ਗੱਠਜੋੜ ਨੂੰ ਘੇਰ ਰਹੀਆਂ ਹਨ। ਭਾਜਪਾ ਦੇ ਪਰਮਿੰਦਰ ਬਰਾੜ ਨੇ ਕਿਹਾ ਹੈ ਕਿ ਸਿਆਸੀ ਮੁਫਾਦ ਦੇ ਲਈ ਇਹ ਗੱਠਜੋੜ ਬਣਿਆ ਹੈ, ਇਹਨਾਂ ਨੂੰ ਕੁਰਸੀ ਦਾ ਲਾਲਚ ਹੈ। ਦੂਜੇ ਪਾਸੇ ਮਹੇਸ਼ਿੰਦਰ ਗਰੇਵਾਲ ਨੇ ਵੀ ਕਿਹਾ ਕਿ ਕਾਂਗਰਸ ਹਾਈ ਕਮਾਨ ਦੇ ਅੱਗੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਝੁੱਕਣਾ ਪਵੇਗਾ ਤੇ ਉਹਨਾਂ ਨੂੰ ਫੈਸਲਾ ਮੰਨਣਾ ਪਵੇਗਾ।

ਚਾਰ ਸੂਬਿਆਂ ਦੇ ਨਤੀਜੇ: ਹਾਲ ਹੀ 'ਚ ਆਏ ਚਾਰ ਸੂਬਿਆਂ ਦੇ ਨਤੀਜਿਆਂ ਦੇ ਵਿੱਚ ਭਾਜਪਾ ਤੋਂ ਕਾਂਗਰਸ ਦੀ ਤਿੰਨ ਇੱਕ ਦੇ ਨਾਲ ਹਾਰ ਹੋਈ ਹੈ। ਹਾਲਾਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਜਿਆਦਾਤਰ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਬੈਕਫੁੱਟ 'ਤੇ ਹੈ, ਉੱਥੇ ਹੀ ਮਲਿਕਾ ਅਰਜੁਨ ਖੜਗੇ ਦੀ ਰਿਹਾਇਸ਼ 'ਤੇ ਇੰਡੀਆ ਗੱਠਜੋੜ ਦੀ ਅਹਿਮ ਬੈਠਕ ਵੀ ਹੋਈ ਸੀ, ਜਿਸ ਵਿੱਚ ਰਾਹੁਲ ਗਾਂਧੀ ਵੀ ਸ਼ਾਮਿਲ ਰਹੇ ਸੀ। ਹਾਲਾਂਕਿ ਤੇਲੰਗਾਨਾ ਦੇ ਵਿੱਚ ਕਾਂਗਰਸ ਜ਼ਰੂਰ ਸਰਕਾਰ ਬਣਾਉਣ 'ਚ ਸਫਲ ਰਹੀ ਪਰ ਬਾਕੀ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਵੀ ਇੰਡੀਆ ਗਠਜੋੜ ਦੇ ਵਿੱਚ ਲਗਾਤਾਰ ਸਿਆਸੀ ਗਤੀਵਿਧੀਆਂ ਚੱਲ ਰਹੀਆਂ ਹਨ। ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਸੂਬੇ ਦੇ ਵਿੱਚ ਸਮਝੋਤੇ ਲਈ ਤਿਆਰ ਨਹੀਂ ਹੈ, ਉੱਥੇ ਹੀ ਦੂਜੇ ਆਮ ਆਦਮੀ ਪਾਰਟੀ ਦੀ ਤਿੰਨ ਸੂਬਿਆਂ ਦੇ ਵਿੱਚ ਹੋਈ ਕਰਾਰੀ ਹਾਰ ਦਾ ਵੀ ਅਸਰ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਪੰਜਾਬ ਕਾਂਗਰਸ ਉਸ ਦਾ ਲਗਾਤਾਰ ਹਵਾਲਾ ਵੀ ਦੇ ਰਹੀ ਹੈ।

ਸਿਆਸੀ ਗੱਠਜੋੜਾਂ 'ਤੇ ਸਸਪੈਂਸ:ਕਾਬਿਲੇਗੌਰ ਹੈ ਕਿ ਪੰਜਾਬ ਦੇ ਵਿੱਚ ਸਮਝੌਤਿਆਂ ਦੀ ਸਿਆਸਤ ਕਾਮਯਾਬ ਹੁੰਦੀ ਨਹੀਂ ਵਿਖਾਈ ਦੇ ਰਹੀ ਹੈ। ਇਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ 'ਤੇ ਪੰਥਕ ਏਜੰਡੇ ਉੱਤੇ ਅਮਿਤ ਸ਼ਾਹ ਵੱਲੋਂ ਪਾਣੀ ਫੇਰੇ ਜਾਣ ਤੋਂ ਬਾਅਦ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਫਿਲਹਾਲ ਭਾਜਪਾ ਅਕਾਲੀ ਦਲ ਦੇ ਨਾਲ ਗਠਜੋੜ ਦੇ ਮੂਡ ਵਿੱਚ ਨਹੀਂ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਤਹਿਤ ਪੰਜਾਬ ਦੇ ਵਿੱਚ ਸਮਝੌਤੇ ਲਈ ਤਿਆਰ ਨਹੀਂ ਹੈ। ਹਾਲਾਂਕਿ ਹਾਈ ਕਮਾਨ ਦੇ ਫੈਸਲੇ 'ਤੇ ਸੂਬਾਈ ਲੀਡਰਸ਼ਿਪ ਦਾ ਕੀ ਪ੍ਰਤੀਕਰਮ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ABOUT THE AUTHOR

...view details