ਲੁਧਿਆਣਾ: ਸ਼ਹਿਰ ਵਿੱਚ ਮੁੱਲਾਂਪੁਰ ਮੇਨ ਚੌਂਕ 'ਚ ਲੋਕ ਸਭਾ ਉਮੀਦਵਾਰ ਟੀਟੂ ਬਾਣੀਆ ਨੇ ਚੌਂਕ ਵਿੱਚ ਖੜ੍ਹੇ ਹੋ ਕੇ ਆਪਣੀ ਮੋਟਰਸਾਈਕਲ ਤੇ ਸਨਮਾਨ ਚਿੰਨ੍ਹਾਂ ਦੀ ਬੋਲੀ ਲਗਾਈ।
ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਸਾਮਾਨ ਦੀ ਕਰ ਰਿਹੈ ਨਿਲਾਮੀ - punjab news
ਲੋਕ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਗਈ ਹੈ ਤੇ ਸਿਆਸੀ ਆਗੂਆਂ ਵਲੋਂ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਟੀਟੂ ਬਾਣੀਆ ਆਜ਼ਾਦ ਉਮੀਦਵਾਰ ਹੈ, ਜਿਸ ਵਿੱਚ ਚੋਣ ਲੜਨ ਦਾ ਇੰਨਾਂ ਕੁ ਜਜ਼ਬਾ ਹੈ ਕਿ ਚੋਣ ਲੜਨ ਲਈ ਫੰਡ ਇਕੱਠਾ ਕਰਨ ਲਈ ਆਪਣੀ ਮੋਟਰਸਾਈਕਲ ਤੇ ਸਨਮਾਨ ਚਿੰਨ੍ਹਾਂ ਦੀ ਨਿਲਾਮੀ ਕਰ ਰਿਹਾ ਹੈ।
ਦੱਸ ਦਈਏ, ਟੀਟੂ ਬਾਣੀਏ ਨੇ ਨਾਮਜ਼ਦਗੀ ਭਰਨ ਮੌਕੇ ਖ਼ਸਖ਼ਸ ਦੇ ਹਾਰ ਪਾ ਕੇ ਡੀਸੀ ਦਫ਼ਤਰ ਪਹੁੰਚੇ ਸਨ ਤੇ ਹੁਣ ਚੋਣਾਂ ਲੜਨ ਲਈ ਆਪਣੀਆਂ ਚੀਜ਼ਾਂ ਦੀ ਬੋਲੀ ਲਗਾ ਰਹੇ ਹਨ। ਇਸ ਸਬੰਧੀ ਟੀਟੂ ਬਾਣੀਏ ਨੇ ਕਿਹਾ ਕਿ ਇਹ ਬੋਲੀ ਉਹ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ, ਵੱਖ-ਵੱਖ ਪਾਰਟੀਆਂ ਦੇ ਝੂਠੇ ਲਾਰਿਆਂ ਤੇ ਲੁਧਿਆਣਾ ਨੂੰ ਵਿਕਾਸ ਦੇ ਰਾਹ 'ਤੇ ਪਾਉਣ ਲਈ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਕੋਲ ਕੁਝ ਹੋਰ ਤਾਂ ਨਹੀਂ ਹੈ ਪਰ ਆਪਣਾ ਮੋਟਰਸਾਈਕਲ ਤੇ ਵੱਖ-ਵੱਖ ਸ਼ਹਿਰਾਂ 'ਚੋਂ ਮਿਲੇ ਸਨਮਾਨ ਚਿੰਨ੍ਹਾਂ ਨੂੰ ਵੇਚ ਕੇ ਚੋਣਾਂ ਲੜ ਸਕਦੇ ਹਨ।
ਇਸ ਤੋਂ ਇਲਾਵਾ ਬੋਲੀ ਲਾਉਣ ਪੁੱਜੇ ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹੀ ਟੀਟੂ ਬਾਣੀਆਂ ਦੀ ਬੋਲੀ 'ਚ ਸ਼ਮੂਲੀਅਤ ਕੀਤੀ ਹੈ। ਹਾਲਾਂਕਿ ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਉੱਚੀ ਬੋਲੀ ਲਾਈ ਹੈ ਪਰ ਉਹ ਟੀਟੂ ਬਾਣੀਏ ਦਾ ਸਾਮਾਨ ਆਪਣੇ ਨਾਲ ਨਹੀਂ ਲੈ ਕੇ ਜਾਣਗੇ। ਉਹ ਉਸ ਦਾ ਸਾਮਾਨ ਘਰ ਹੀ ਛੱਡ ਦੇਣਗੇ ਤਾਂ ਕਿ ਸਮਾਜ ਨੂੰ ਇੱਕ ਚੰਗਾ ਸੁਨੇਹਾ ਜਾ ਸਕੇ।