ਲੁਧਿਆਣਾ/ਖੰਨਾ: ਪੰਜਾਬ ਸਰਕਾਰ ਜ਼ਿਲ੍ਹਾ ਮਾਲੇਰਕੋਟਲਾ ਦਾ ਵਿਸਥਾਰ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਕੁਝ ਦਿਨ ਪਹਿਲਾਂ ਲੁਧਿਆਣਾ ਦੇ (A letter from the DC of Ludhiana) ਡੀਸੀ ਦਾ ਇੱਕ ਪੱਤਰ ਸਾਹਮਣੇ ਆਇਆ ਸੀ, ਜਿਸ ਵਿੱਚ ਖੰਨਾ ਅਤੇ ਪਾਇਲ ਦੇ ਕੁੱਝ ਇਲਾਕਿਆਂ ਨੂੰ ਮਲੇਰਕੋਟਲਾ ਨਾਲ ਜੋੜਨ ਦਾ ਜ਼ਿਕਰ ਸੀ। ਇਸ ਸਬੰਧੀ ਸਬੰਧਿਤ ਸਬ ਡਵੀਜ਼ਨਾਂ ਦੇ ਐੱਸਡੀਐੱਮਾਂ ਦੀ ਮੀਟਿੰਗ ਵੀ ਬੁਲਾਈ ਗਈ ਸੀ। ਇਸ ਪੱਤਰ ਤੋਂ ਬਾਅਦ ਰੋਸ ਹੋਰ ਤੇਜ਼ ਹੋ ਗਿਆ।
ਵਕੀਲਾਂ ਨੇ ਹੜਤਾਲ ਕੀਤੀ: ਇਸ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਖੰਨਾ ਅਤੇ ਪਾਇਲ ਵਿੱਚ ਵਕੀਲਾਂ ਨੇ ਹੜਤਾਲ ਕੀਤੀ। ਵਕੀਲਾਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਅਗਲੀ ਰਣਨੀਤੀ ਵੀ ਬਣਾਈ ਗਈ। ਵਕੀਲਾਂ ਨੇ ਅਦਾਲਤ ਦਾ ਕੰਮਕਾਰ ਠੱਪ ਰੱਖਿਆ। ਖੰਨਾ ਬਾਰ ਐਸੋਸੀਏਸ਼ਨ (Khanna Bar Association) ਦੇ ਪ੍ਰਧਾਨ ਸੁਮਿਤ ਲੁਥਰਾ ਨੇ ਕਿਹਾ ਕਿ ਖੰਨਾ ਆਪਣੇ ਆਪ ਵਿੱਚ ਇੱਕ ਪੁਲਿਸ ਜ਼ਿਲ੍ਹਾ ਹੈ। ਇਸ ਅਧੀਨ ਤਿੰਨ ਸਬ ਡਵੀਜ਼ਨਾਂ ਖੰਨਾ, ਪਾਇਲ ਅਤੇ ਸਮਰਾਲਾ ਹਨ। ਏ.ਡੀ.ਸੀ ਵੀ ਖੰਨਾ 'ਚ ਬੈਠਦੇ ਹਨ। ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਇਸ ਦੌਰਾਨ ਇੱਕ ਪੱਤਰ ਜਾਰੀ ਕੀਤਾ ਗਿਆ ਕਿ ਇੱਥੋਂ ਦੇ ਕੁਝ ਇਲਾਕਿਆਂ ਨੂੰ ਮਲੇਰਕੋਟਲਾ ਜ਼ਿਲ੍ਹੇ ਨਾਲ ਜੋੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।