Largest 120 ft. Effigy Ravana : ਪੰਜਾਬ ਦੇ ਇਸ ਜ਼ਿਲ੍ਹੇ 'ਚ ਇਸ ਵਾਰ ਸਾੜਿਆ ਜਾਵੇਗਾ 'ਟੈਕਨੀਕਲ ਰਾਵਣ'
ਲੁਧਿਆਣਾ: ਦਰੇਸੀ ਦੁਸਹਿਰਾ ਗਰਾਊਂਡ ਵਿੱਚ ਇਸ ਵਾਰ ਪੰਜਾਬ ਦਾ ਸਭ ਤੋਂ ਵੱਡਾ 120 ਫੁੱਟ ਦਾ ਰਾਵਣ ਦਹਿਨ ਕੀਤਾ ਜਾਵੇਗਾ, ਜੋ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹ ਰਾਵਣ ਦੇ ਪੁਤਲੇ ਲਈ ਵਿਸ਼ੇਸ਼ ਤੌਰ ਉੱਤੇ ਵਿਦੇਸ਼ ਤੋਂ ਵਾਟਰ ਪਰੂਫ਼ ਕਾਗਜ਼ ਮੰਗਵਾਇਆ ਗਿਆ ਹੈ। 120 ਫੁੱਟ ਦਾ ਇਹ ਰਾਵਣ ਦਾ ਪੁਤਲਾ ਪੂਰੀ ਤਰਾਂ ਆਟੋਮੈਟਿਕ ਹੋਵੇਗਾ ਅਤੇ ਇਸ ਨੂੰ ਬਟਨ ਦਬਾਉਣ ਨਾਲ ਹੀ ਅੱਗ ਲੱਗੇਗੀ।
ਇਨ੍ਹਾਂ ਚੀਜ਼ਾਂ ਨਾਲ ਤਿਆਰ ਕੀਤਾ ਜਾਂਦਾ ਰਾਵਣ:ਰਾਵਣ ਦੇ ਇਸ ਅਲੌਕਿਕ ਪੁਤਲੇ ਦੀ ਤਿਆਰੀ ਦੁਸਹਿਰੇ ਦੇ ਤਿਉਹਾਰ ਤੋਂ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਰਾਜਸਥਾਨ ਵਿੱਚ ਆਪਣੇ ਘਰ ਵਿੱਚ ਅਤੇ ਫਿਰ 40 ਦਿਨ ਪਹਿਲਾਂ ਇਹ ਜਿੱਥੇ-ਜਿੱਥੇ ਆਰਡਰ ਮਿਲਦੇ ਹਨ, ਉੱਥੇ ਰਾਵਣ ਦੇ ਪੁਤਲੇ ਨੂੰ ਫਾਈਨਲ ਆਕਾਰ ਦੇਣ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਆਦਾ ਤਰ ਰਾਵਣ ਦੇ ਪੁਤਲੇ (Largest 120 ft. Effigy Ravana) 'ਚ ਬਾਂਸ, ਤਾਟ, ਪਰਾਲੀ, ਕਾਗਜ਼ ਅਤੇ ਆਟੇ ਦੇ ਲੇਪ ਦੀ ਵਰਤੋਂ ਕੀਤੀ ਜਾਂਦੀ ਹੈ। ਪੂਰਾ ਪੁਤਲਾ ਤਿਆਰ ਕਰਨ ਤੋਂ ਬਾਅਦ ਦਸਹਿਰੇ ਦੇ ਤਿਉਹਾਰ ਤੋਂ 2 ਦਿਨ ਪਹਿਲਾਂ ਇਸ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ। ਮੁਸਲਿਮ ਪਰਿਵਾਰ ਹਿੰਦੂ ਕਾਰੀਗਰਾਂ ਦੇ ਨਾਲ ਮਿਲ ਕੇ ਹੀ ਇਹ ਪੁਤਲੇ ਤਿਆਰ ਕਰਦੇ ਹਨ।
ਪੰਜਾਬ ਦਾ ਸਭ ਤੋਂ ਵੱਡਾ ਰਾਵਣ:ਜਲੰਧਰ, ਲੁਧਿਆਣਾ, ਪਾਣੀਪਤ, ਬਰੇਲੀ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਵਿੱਚ ਵੀ ਅਸਗਰ ਦੇ ਪਰਿਵਾਰ ਵੱਲੋਂ ਹੀ ਇਹ ਪੁਤਲੇ ਤਿਆਰ ਕੀਤੇ ਜਾਂਦੇ ਹਨ। ਇਸ ਵਾਰ ਲੁਧਿਆਣਾ ਵਿੱਚ ਸਭ ਤੋਂ ਵੱਡਾ 120 ਫੁੱਟ ਦਾ ਰਾਵਣ ਦਾ ਪੁਤਲਾ, ਜਦਕਿ ਜਲੰਧਰ ਵਿੱਚ 30 ਫੁੱਟ ਉੱਚੀ 30 ਫੁੱਟ ਚੌੜੀ ਲੰਕਾਂ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਖਿੱਚ ਦਾ ਕੇਂਦਰ ਰਹੇਗੀ। ਗੁਜਰਾਤ ਵਿੱਚ ਵੀ ਅਸਗਰ ਦਾ ਪਰਿਵਾਰ ਹੀ ਰਾਵਣ ਦੇ ਪੁਤਲੇ ਤਿਆਰ ਕਰਦੇ ਹਨ। ਅਸਗਰ ਅਲੀ ਦੇ ਨਾਲ ਉਨ੍ਹਾਂ ਦਾ ਸਾਲ ਅਕੀਲ ਖ਼ਾਨ ਅਤੇ ਉਸ ਦਾ ਬੇਟਾ ਸੋਹੇਲ ਮਦਦ ਕਰਦੇ ਹਨ। ਸੋਹੇਲ ਪਾਣੀਪਤ ਅਤੇ ਅਸਗਰ ਅਲੀ ਜਲੰਧਰ ਜਦਕਿ ਅਕੀਲ ਖ਼ਾਨ ਲੁਧਿਆਣਾ ਵਿੱਚ ਰਾਵਣ ਦੇ ਪੁਤਲੇ ਆਪਣੀ ਅਗਵਾਈ 'ਚ ਤਿਆਰ ਕਰ ਰਹੇ ਹਨ। ਰਾਵਣ ਦੇ ਨਾਲ ਲੁਧਿਆਣਾ ਚ ਮੇਘਨਾਥ, ਕੁੰਭਕਰਨ ਦਾ ਪੁਤਲਾ ਵੀ ਤਿਆਰ ਕੀਤਾ ਗਿਆ ਹੈ। ਲੁਧਿਆਣਾ ਦੇ ਵੱਖ ਵੱਖ ਸ਼ਹਿਰਾਂ 'ਚ ਵੀ ਦਰੇਸੀ ਦੇ ਗਰਾਊਂਡ ਦੇ ਵਿੱਚ ਤਿਆਰ ਹੋਏ ਰਾਵਣ ਦੇ ਪੁਤਲੇ ਸਪਲਾਈ ਕੀਤੇ ਜਾਂਦੇ ਹਨ।
ਅਸਗਰ ਅਲੀ ਦੇ ਦਾਦਾ ਨੂੰ ਸਨਮਾਨਿਤ ਕਰਦੇ ਹੋਏ ਨਰਿੰਦਰ ਮੋਦੀ। ਵਿਦੇਸ਼ ਤੋਂ ਮੰਗਵਾਇਆ ਕਾਗਜ਼, ਨਵੀਂ ਤਕਨੀਕ ਦੇ ਪੁਤਲੇ:ਸਮੇਂ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਰਾਵਣ ਦੇ ਪੁਤਲੇ ਤਿਆਰ ਕਰਨ ਦੀ ਤਕਨੀਕ ਦੇ ਵਿੱਚ ਵੀ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ ਪਹਿਲਾਂ ਇਸ ਨੂੰ ਡਾਈ ਦੇ ਵਿੱਚ ਤਿਆਰ ਕੀਤਾ ਜਾਂਦਾ ਸੀ, ਪਰ ਹੁਣ ਅਸਗਰ ਅਲੀ ਦੇ ਪਰਿਵਾਰ ਦੀ ਨਵੀਂ ਪੀੜੀ ਪੜ੍ਹੀ ਲਿਖੀ ਹੋਣ ਕਰਕੇ ਲੈਪਟਾਪ ਦੇ ਵਿੱਚ ਇਸ ਨੂੰ ਡਿਜ਼ਾਇਨ ਕਰਦੀ ਹੈ, ਫਿਰ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ। ਅਕੀਲ ਖਾਨ ਨੇ ਦੱਸਿਆ ਕਿ ਰਾਵਣ ਦੇ ਸ਼ਸਤਰਾਂ ਦੇ ਨਾਲ ਉਸ ਦੇ ਪਹਿਰਾਵੇ ਕੰਨਾਂ ਦੇ ਕੁੰਡਲ ਨੂੰ ਪੂਰੀ ਤਰ੍ਹਾਂ ਲੈਪਟਾਪ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਫਿਰ ਅੱਗੇ ਉਸ ਨੂੰ ਬਣਾਇਆ (Largest 120 ft. Effigy Ravana In Ludhiana) ਜਾਂਦਾ ਹੈ। ਰਾਵਣ ਦੇ ਪੁਤਲੇ ਤਿਆਰ ਕਰਨ ਲਈ ਇਸ ਵਾਰੀ ਵਿਸ਼ੇਸ਼ ਤੌਰ ਉੱਤੇ ਕਾਗਜ਼ ਵੀ ਵਿਦੇਸ਼ ਤੋਂ ਮੰਗਵਾਇਆ ਗਿਆ ਹੈ। ਅਕੀਲ ਖਾਨ ਨੇ ਦੱਸਿਆ ਹੈ ਕਿ ਦੁਸ਼ਹਿਰੇ ਦੇ ਦਿਨਾਂ ਦੇ ਵਿੱਚ ਅਕਸਰ ਹੀ ਤਰੇਲ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਰਾਵਣ ਦੇ ਉੱਪਰ ਲਗਾਇਆ ਗਿਆ ਕਾਗਜ਼ ਖ਼ਰਾਬ ਹੋ ਜਾਂਦਾ ਹੈ, ਪਰ ਇਸ ਵਾਰ ਉਨ੍ਹਾਂ ਵੱਲੋਂ ਵਾਟਰ ਪਰੂਫ ਕਾਗਜ਼ ਮੰਗਾਇਆ ਗਿਆ ਹੈ।
3 ਮਹੀਨੇ ਪਹਿਲਾਂ ਤਿਆਰੀ:ਅਲੀ ਅਸਗਰ ਦੇ ਦਾਦਾ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਜਰਾਤ ਵਿੱਚ ਸਨਮਾਨਿਤ ਵੀ ਕਰ ਚੁੱਕੇ ਹਨ। ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸੀ, ਤਾਂ ਸੋਹੇਲ ਦੇ ਦਾਦਾ ਜੀ ਨੂੰ ਸਨਮਾਨਿਤ ਕੀਤਾ ਗਿਆ ਸੀ। ਇੰਨਾਂ ਹੀ ਨਹੀਂ ਅਸਗਰ ਅਲੀ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੀ ਸਨਮਾਨਿਤ ਕਰ ਚੁੱਕੇ ਹਨ। ਪੂਰੇ ਉੱਤਰ ਭਾਰਤ ਵਿੱਚ ਇਹ ਪਰਿਵਾਰ ਰਾਵਣ ਦੇ ਪੁਤਲੇ ਬਣਾਉਣ ਵਿੱਚ ਮਾਹਿਰ ਹੈ। ਅਕੀਲ ਅਲੀ ਨੇ ਕਿਹਾ ਕਿ ਉਨ੍ਹਾ ਦਾ ਪੂਰਾ ਹੀ ਪਰਿਵਾਰ ਇਹ ਪੁਸ਼ਤੈਨੀ ਕੰਮ ਕਰਦਾ ਹੈ, ਬੱਚੇ ਤੋਂ ਲੈਕੇ ਲੜਕੀਆਂ, ਭੈਣਾਂ ਅਤੇ ਬਜ਼ੁਰਗ ਵੀ ਕੰਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਮੇਰੀ ਭਾਣਜੀ ਭਾਵੇਂ ਸਰਕਾਰੀ ਅਧਿਆਪਕ ਹੈ, ਪੜ੍ਹੀ ਲਿਖੀ ਹੈ, ਪਰ ਇਸ ਦੇ ਬਾਵਜੂਦ ਉਹ ਲੁਧਿਆਣਾ 2 ਦਿਨ ਪਹਿਲਾਂ ਆ ਕੇ ਕੰਮ ਕਾਰ ਵੇਖਦੀ ਹੈ। ਲੋੜ ਪੈਣ ਉੱਤੇ ਉਸ ਨੂੰ ਪਹਿਲਾਂ ਵੀ ਬੁਲਾ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਇਸ ਸਾਲ ਉਸ ਦੀ ਡਿਊਟੀ ਲੱਗੀ ਹੈ। 4 ਤੋਂ 5 ਵਰਕਰ ਦਿਨ ਰਾਤ 40 ਦਿਨ ਇਕ ਕਰਕੇ ਪੁਤਲੇ ਤਿਆਰ ਕਰਦੇ ਹਨ।
ਆਪਸੀ ਭਾਈਚਾਰਾ:ਅਕੀਲ ਖ਼ਾਨ ਨੇ ਕਿਹਾ ਕਿ ਇਹ ਤਿਉਹਾਰ ਹੀ ਸਭ ਮਿਲ ਜੁਲ ਕੇ ਮਨਾਉਂਦੇ ਹਨ। ਨਫ਼ਰਤ ਦੇ ਅੰਤ ਦੇ ਪ੍ਰਤੀਕ ਇਸ ਤਿਉਹਾਰ ਦੇ ਵਿੱਚ ਮੁਸਲਿਮ ਪਰਿਵਾਰ ਹਰ ਸਾਲ ਅਹਿਮ ਯੋਗਦਾਨ ਦਿੰਦਾ ਹੈ। ਉਨ੍ਹਾ ਦੱਸਿਆ ਕਿ ਸਾਡੇ ਨਾਲ ਹਿੰਦੂ ਕਾਰੀਗਰ ਵੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਨਵੀਂ ਪੀੜ੍ਹੀ ਨੇ ਵੀ ਸਾਡੇ ਪੁਰਖਿਆਂ ਦੀ ਰਿਵਾਇਤ ਨੂੰ ਜਾਰੀ ਰੱਖਿਆ ਹੈ ਅਤੇ ਪੜ ਲਿਖ ਕੇ ਵੀ ਉਹ ਇਸ ਕੰਮ ਨੂੰ ਕਰਦੇ ਹਨ, ਕਿਉਂਕਿ ਦੁਸ਼ਹਿਰੇ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਪੂਰੇ ਦੇਸ਼ ਦੀਆਂ ਭਾਵਨਾਵਾਂ ਇਸ ਤਿਉਹਾਰ ਨਾਲ ਜੁੜੀਆਂ ਹੋਈਆਂ ਹਨ। ਇਸ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਇਹ ਕੰਮ ਵਿਰਾਸਤ ਵਿੱਚ ਦਿੱਤਾ ਹੈ।