ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਮੁਕਤਸਰ ਸਾਹਿਬ 'ਚ ਹੋਈ ਮਹਿਲਾ ਨਾਲ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਘਟਨਾ ਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਹਨ ਜਿਸ ਕਰਕੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਮੁਕਤਸਰ ਕੁੱਟਮਾਰ ਮਾਮਲੇ ਲਈ ਕੈਪਟਨ ਜ਼ਿੰਮੇਵਾਰ: ਸਿਮਰਜੀਤ ਬੈਂਸ - ਲੋਕ ਇਨਸਾਫ਼ ਪਾਰਟੀ ਮੁਖੀ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਔਰਤ ਨਾਲ ਕੁੱਟਮਾਰ ਦੇ ਮਾਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਸਿਮਰਜੀਤ ਬੈਂਸ ਨੇ ਇਸ ਘਟਨਾ ਲਈ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ।
ਉੱਥੇ ਹੀ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਣ 'ਤੇ ਚੁੱਟਕੀ ਲੈਂਦਿਆ ਬੈਂਸ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮਹਿਕਮਾ ਸਾਂਭ ਕੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਕਰ ਦੇਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਸਿੱਧੂ ਨੂੰ ਪਾਰਟੀ 'ਚ ਸ਼ਾਮਿਲ ਹੋਣ ਦੇ ਸੱਦੇ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਚੀਮਾ ਸਾਹਿਬ ਡੁੱਬਦੀ ਬੇੜੀ 'ਚ ਸਿੱਧੂ ਨੂੰ ਵੀ ਚੜ੍ਹਾਉਣਾ ਚਾਹੁੰਦੇ ਹਨ।
ਬੈਂਸ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਰਫ਼ ਲੋਕ ਇਨਸਾਫ਼ ਪਾਰਟੀ 'ਚ ਹੀ ਰਹਿ ਸਕਦੇ ਹਨ ਤੇ ਜੇ ਉਹ ਪਾਰਟੀ 'ਚ ਸ਼ਾਮਿਲ ਹੁੰਦੇ ਹਨ, ਤਾਂ ਉਨ੍ਹਾਂ ਨੂੰ 2022 ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ 'ਚ ਬੂੜਾ ਗੁੱਜਰ ਰੋਡ 'ਤੇ ਕੁਝ ਨੌਜਵਾਨਾਂ ਵੱਲੋਂ ਇੱਕ ਔਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ 'ਚ ਮੁਕਤਸਰ ਦੇ ਵਾਰਡ ਨੰਬਰ 29 ਦੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਵੀ ਸ਼ਾਮਿਲ ਹੈ।