Komi Insaf Morcha : ਕੌਮੀ ਇਨਸਾਫ ਮੋਰਚੇ ਚ ਸ਼ਹੀਦ ਹੋਣਾ ਚਾਹੁੰਦੇ ਨੇ ਬਾਪੂ ਸੂਰਤ ਸਿੰਘ, ਮੋਰਚੇ ਦੇ ਆਗੂ ਦਾ ਵੱਡਾ ਖੁਲਾਸਾ ਲੁਧਿਆਣਾ:ਕੌਮੀ ਇਨਸਾਫ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਆਪਣੀ ਸ਼ਹੀਦੀ ਕੌਮੀ ਇਨਸਾਫ ਮੋਰਚੇ ਵਿੱਚ ਦੇਣਾ ਚਾਹੁੰਦੇ ਹਨ। ਜਦੋਂਕਿ ਹਸਪਤਾਲ ਵਿਚ ਉਨ੍ਹਾਂ ਨੂੰ 8 ਬਾਈ 10 ਦੇ ਕਮਰੇ ਦੇ ਕੈਦ ਕਰਕੇ ਰੱਖਿਆ ਗਿਆ ਹੈ। ਜਦੋਂ ਕਿ ਉਹ ਮੋਰਚੇ ਵਿਚ ਜਾਣਾ ਚਾਹੁੰਦੇ ਹਨ। ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਬਾਪੂ ਸੂਰਤ ਸਿੰਘ ਨੂੰ ਹੁਣ ਗੁਰੂਦੁਆਰਾ ਅੰਬ ਸਾਹਿਬ ਦੇ ਬਾਹਰ ਲੱਗੇ ਮੋਰਚੇ ਵਿੱਚ ਲੈ ਜਾਣਾ ਚਾਹੁੰਦੇ ਹਨ।
ਸ਼ਹੀਦੀ ਦੇ ਮਾਇਨੇ:ਕੌਮੀ ਇਨਸਾਫ ਮੋਰਚਾ ਹੁਣ ਬਾਪੂ ਸੂਰਤ ਸਿੰਘ ਖਾਲਸਾ ਨੂੰ ਮੋਰਚੇ ਵਿੱਚ ਲਿਜਾਉਣ ਲਈ ਅੱਡੀ ਚੋਟੀ ਦਾ ਜੋਰ ਲੱਗਾ ਰਿਹਾ ਹੈ।ਬਲਵਿੰਦਰ ਸਿੰਘ ਨੇ ਕਿਹਾ ਕਿ ਬਾਪੂ ਜਦੋਂ ਮੋਰਚੇ ਵਿੱਚ ਆਉਣਗੇ ਤਾਂ ਉਨ੍ਹਾ ਨਾਲ ਗੱਲਬਾਤ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਆਉਣਗੇ ਅਤੇ ਮੀਡੀਆ ਵੀ ਆ ਕੇ ਉਨ੍ਹਾ ਨਾਲ ਗੱਲ ਕਰੇਗਾ। ਬਾਪੂ ਸੂਰਤ ਸਿੰਘ ਖਾਲਸਾ ਦਰਅਸਲ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਹਨਾਂ ਦੀ ਇੱਕ ਵੱਖਰੀ ਪਹਿਚਾਣ ਹੈ।
ਕੌਣ ਹੈ ਬਾਪੂ ਸੂਰਤ ਸਿੰਘ:ਬਾਪੂ ਸੂਰਤ ਸਿੰਘ ਖਾਲਸਾ ਦਾ ਜਨਮ 7 ਮਾਰਚ 1933 ਨੂੰ ਹੋਇਆ ਸੀ। ਬਾਪੂ ਸੂਰਤ ਸਿੰਘ ਖਾਲਸਾ ਸਕੂਲ ਤੋਂ ਹੀ ਸਿੱਖ ਕੌਮ ਨੂੰ ਲੈ ਕੇ ਚਲ ਰਹੀਆਂ ਰਾਜਨੀਤੀਕ ਅਤੇ ਧਾਰਮਿਕ ਸਰਗਰਮੀਆਂ ਦੇ ਵਿਚ ਹਿੱਸਾ ਲੈਂਦੇ ਰਹੇ ਹਨ। ਬਾਪੂ ਸੂਰਤ ਸਿੰਘ ਖਾਲਸਾ ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਰਹਿ ਚੁੱਕੇ ਹਨ। 1980 ਦੇ ਵਿਚ ਹੋਏ ਧਰਮ ਯੁੱਧ ਮੋਰਚੇ ਦੇ ਅੰਦਰ ਬਾਪੂ ਸੂਰਤ ਸਿੰਘ ਨੇ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਸਨ। 1984 ਵਿਚ ਹੋਏ ਆਪਰੇਸ਼ਨ ਬਲਿਊ ਸਟਾਰ ਦੇ ਦੌਰਾਨ ਵੀ ਉਹ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਅਤੇ ਸਿੱਖਾਂ ਦੇ ਹੱਕਾਂ ਪ੍ਰਤੀ ਲੜਦੇ ਰਹੇ ਹਨ।
ਉਹ ਯੂਨਾਇਟਿਡ ਅਕਾਲੀ ਦਲ ਦੇ ਸਕੱਤਰ ਵਜੋਂ ਵੀ ਤਾਇਨਾਤ ਰਹੇ। 1986 ਦੇ ਵਿਚ ਚੱਲ ਰਹੇ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਦੇ ਵਿਚ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਪੈਰ ਵਿਚ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਨਾਂ ਦਾ ਸਿਆਸੀ ਸਫਰ ਜਾਰੀ ਰਿਹਾ ਪਰ ਇਸ ਦੌਰਾਨ ਉਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹੇ। ਜਿਸ ਵਿਚ ਪਟਿਆਲਾ, ਨਾਭਾ, ਚੰਡੀਗੜ੍ਹ ਅਤੇ ਅੰਮ੍ਰਿਤਸਰ ਦੀ ਜੇਲ੍ਹ ਸ਼ਾਮਲ ਹੈ। 1988 ਵਿੱਚ ਵੀ ਬਾਪੂ ਸੂਰਤ ਸਿੰਘ ਖਾਲਸਾ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ ਸੀ। ਉਹਨਾਂ ਦੇ 5 ਬੱਚੇ ਅਤੇ ਪਰਿਵਾਰ ਅਮਰੀਕਾ ਦਾ ਸਿਟੀਜ਼ਨ ਹੈ।
ਇਹ ਵੀ ਪੜ੍ਹੋ:Amritpal Singh Warning police: ਅੰਮ੍ਰਿਤਪਾਲ ਸਿੰਘ ਦੀ ਪੁਲਿਸ ਨੂੰ ਚਿਤਾਵਨੀ, ਪਰਚੇ ਰੱਦ ਨਾ ਹੋਏ ਜਥੇਬੰਦੀ ਆਪਣੇ ਹਿਸਾਬ ਨਾਲ ਲੱਭੇਗੀ ਹੱਲ
ਕੀ ਹਨ ਮੰਗਾਂ:ਬਾਪੂ ਸੂਰਤ ਸਿੰਘ ਖਾਲਸਾ ਦੀ ਮੁੱਖ ਮੰਗ ਬੰਦੀ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣਾ ਹੈ, ਜਿਸ ਲਈ ਉਹ ਸਰਕਾਰਾਂ ਦੇ ਖਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਹਨ। 16 ਜਨਵਰੀ 2015 ਦੇ ਵਿਚ ਜਦੋਂ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਚਲੇ ਗਏ ਸਨ। ਬਾਪੂ ਸੂਰਤ ਸਿੰਘ ਖਾਲਸਾ ਦੀ ਮੰਗ ਸੀ ਕਿ ਜਿਹੜੇ ਸਿੱਖ ਕੈਦੀ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਨ੍ਹਾਂ ਨੂੰ ਸਰਕਾਰਾਂ ਦੇ ਦਬਾਅ ਦੇ ਚਲਦਿਆਂ ਰਿਹਾਅ ਨਹੀਂ ਕੀਤਾ ਜਾ ਰਿਹਾ। ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਬਾਪੂ ਸੂਰਤ ਸਿੰਘ ਖਾਲਸਾ ਨੇ ਮੰਗ ਕੀਤੀ ਹੈ ਕਿ ਉਨਾਂ ਨੂੰ ਸੀਨੀਅਰ ਸਿਟੀਜਨ ਹੋਣ ਦੇ ਨਾਤੇ ਜੇਲ੍ਹ ਚੋਂ ਬਾਹਰ ਕੱਢਣਾ ਚਾਹੀਦਾ ਹੈ। ਬਾਪੂ ਸੂਰਤ ਸਿੰਘ ਦੇ ਮੁਤਾਬਕ ਘੱਟੋ-ਘੱਟ ਅੱਠ ਅਜਿਹੇ ਸਿੱਖ ਕੈਦੀ ਹਨ, ਜਿਨ੍ਹਾਂ ਨੂੰ ਸਜਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ।