ਲੁਧਿਆਣਾ: ਸਰਹੱਦ ਉੱਤੇ ਭਾਰਤ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਬੀਤੇ ਦਿਨੀਂ ਇਹ ਚਰਚਾ ਸੀ ਕਿ ਚੀਨ ਦੀ ਸਰਹੱਦ ਉੱਤੇ ਪੰਜਾਬੀ ਗਾਣੇ ਚਲਾਏ ਜਾ ਰਹੇ ਹਨ। ਲੁਧਿਆਣਾ ਤੋਂ ਰੱਖਿਆ ਮਾਹਿਰ ਦਰਸ਼ਨ ਸਿੰਘ ਢਿੱਲੋਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਆਖ਼ਿਰ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ।
ਰੱਖਿਆ ਮਾਹਿਰ ਦਰਸ਼ਨ ਸਿੰਘ ਢਿੱਲੋਂ ਨੇ ਦੱਸਿਆ ਕਿ ਚੀਨ ਸਰਹੱਦ ਉੱਤੇ ਪੰਜਾਬੀ ਗਾਣੇ ਇਸ ਕਰਕੇ ਚਲਾ ਰਿਹਾ ਹੈ ਤਾਂ ਜੋ ਉਹ ਸਾਡੇ ਜਵਾਨਾਂ ਦੀ ਮਾਨਸਿਕਤਾ ਨਾਲ ਖੇਡ ਸਕੇ, ਇਹ ਚੀਨ ਦੀ ਪੁਰਾਣੀ ਰਣਨੀਤੀ ਹੈ। ਉਨ੍ਹਾਂ ਕਿਹਾ ਕਿ ਗਾਣੇ ਚਲਾ ਕੇ ਚੀਨ ਇਹ ਵਿਖਾਉਣਾ ਚਾਹੁੰਦਾ ਹੈ ਕਿ ਉਹ ਸਾਡੇ ਨਾਲ ਹੀ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਤੇ ਚੀਨ ਵਿਚਾਲੇ ਸਰਹੱਦ 'ਤੇ ਹਾਲਾਤ ਤਣਾਅ ਪੂਰਨ ਹਨ। ਚੀਨ ਐਲਏਸੀ 'ਤੇ ਆਪਣੇ ਹਿਸਾਬ ਨਾਲ ਕਬਜ਼ਾ ਕਰਕੇ ਭਾਰਤੀ ਸੜਕਾਂ 'ਤੇ ਨਜ਼ਰ ਰੱਖਣਾ ਚਾਹੁੰਦਾ ਹੈ ਪਰ ਭਾਰਤੀ ਜਵਾਨ ਵੀ ਆਪਣੀ ਧਰਤੀ ਦੀ ਰੱਖਿਆ ਲਈ ਪੂਰੀ ਤਰ੍ਹਾਂ ਡਟੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਚੀਨ ਭਾਰਤ ਨੂੰ 1962 ਦੀ ਜੰਗ ਯਾਦ ਕਰਵਾਉਣਾ ਚਾਹੁੰਦਾ ਹੈ ਪਰ ਸ਼ਾਇਦ ਉਹ ਇਹ ਭੁੱਲ ਗਿਆ ਹੈ ਕਿ ਉਦੋਂ ਭਾਰਤ ਦੀ ਉਹ ਪਹਿਲੀ ਲੜਾਈ ਸੀ ਤੇ ਫੌਜ ਨਵੀਂ ਸੀ। ਹੁਣ ਹਾਲਾਤ ਕਾਫੀ ਬਦਲ ਗਏ ਹਨ।
ਰੱਖਿਆ ਮਾਹਿਰ ਨੇ ਦੱਸਿਆ ਕਿ ਫਿਲਹਾਲ ਹਾਲਾਤ ਤਣਾਅਪੂਰਨ ਹਨ ਪਰ ਦੋਵੇਂ ਫ਼ੌਜਾਂ ਜੰਗ ਤੋਂ ਫਿਲਹਾਲ ਕਾਫ਼ੀ ਦੂਰ ਹਨ। ਚੀਨ ਦੀ ਸ਼ੁਰੂ ਤੋਂ ਇਹ ਰਣਨੀਤੀ ਰਹੀ ਹੈ ਕਿ ਉਹ ਆਪਣਾ ਦਬਦਬਾ ਵਿਖਾ ਕੇ ਜ਼ਮੀਨ 'ਤੇ ਕਬਜ਼ਾ ਕਰਦਾ ਹੈ ਪਰ ਭਾਰਤੀ ਜਵਾਨਾਂ ਵੱਲੋਂ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।